ਪੰਜਾਬਪਟਿਆਲਾ

ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ

ਪਿਛਲੇ ਦੋ ਸਾਲਾਂ ਦੌਰਾਨ ਹੋਏ ਕੰਮ ਦੀ ਵੀ ਕੀਤੀ ਜਾਵੇਗੀ ਸਮੀਖਿਆ – ਵਿਜੈਇੰਦਰ ਸਿੰਗਲਾ
ਸਾਰੀਆਂ 14 ਸ਼ਾਖਾਵਾਂ ਦੀ ਕੀਤੀ ਜਾਂਚ
ਗੈਰ ਹਾਜ਼ਰ ਮੁਲਾਜ਼ਮਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ – ਲੋਕ ਨਿਰਮਾਣ ਮੰਤਰੀ
ਸਟਾਫ਼ ਨਾਲ ਮੀਟਿੰਗ ਕਰਕੇ ਸੁਣੀਆਂ ਸਮੱਸਿਆਵਾਂ
ਦਫ਼ਤਰ ਦੀ ਬਿਲਡਿੰਗ ਨੂੰ ਸਾਫ਼ ਰੱਖਿਆ ਜਾਵੇ – ਵਿਜੈਇੰਦਰ ਸਿੰਗਲਾ
ਪਟਿਆਲਾ 29, ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਲੋਕ ਨਿਰਮਾਣ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵਿਭਾਗ ਦੀ ਹਰ ਸ਼ਾਖਾ ਵਿੱਚ ਜਾ ਕੇ ਉਸਦਾ ਮੁਆਇਨਾ ਕੀਤਾ।

ਚੈਕਿੰਗ ਤੋਂ ਬਾਅਦ ਉਹ ਵਿਭਾਗ ਦੇ ਸਾਰੇ ਰਜਿਸਟਰਾਂ ਦੀ ਜਾਂਚ ਕਰਨ ਲਈ ਰਜਿਸਟਰਾਂ ਨੂੰ ਆਪਣੇ ਨਾਲ ਹੀ ਲੈ ਗਏ ਅਤੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਗੈਰ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਬਣਦੀ ਕਾਰਵਾਈ ਕਰਨਗੇ। ਇਸ ਮੌਕੇ ਉਨ੍ਹਾਂ ਸਮੂਹ ਸਟਾਫ਼ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆਂ ਅਤੇ ਉਨ੍ਹਾਂ ਮੁਸ਼ਕਲਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।
ਸ਼੍ਰੀ ਵਿਜੈਇੰਦਰ ਸਿੰਗਲਾ ਨੇ ਅਚਨਚੇਤ ਚੈਕਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੀ ਹਰੇਕ ਸ਼ਾਖਾ ਅਤੇ ਹਰੇਕ ਮੰਜ਼ਿਲ ਉਪਰ ਜਾ ਕੇ ਜਾਂਚ ਕੀਤੀ ਅਤੇ ਜਿਥੇ ਵੀ ਉਨ੍ਹਾਂ ਨੂੰ ਕਿਸੇ ਤਰਾਂ ਦੀ ਕਮੀ ਲੱਗੀ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਇਸ ਦਾ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੇ ਸਾਰੇ ਕੰਮ ਭਾਵੇਂ ਸੜਕਾਂ, ਹਸਪਤਾਲ ਜਾ ਫੇਰ ਕੋਈ ਵੀ ਇਮਾਰਤ ਹੋਵੇ ਉਸ ਕੰਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਕਮੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਸਾਰੇ ਬਾਥਰੂਮਾਂ ਵਿੱਚ ਜਾ ਕੇ ਸਫ਼ਾਈ ਦੀ ਜਾਂਚ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਦੇਖੀ ਗਈ ਤਾਂ ਸਬੰਧਤ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ਼੍ਰੀ ਸਿੰਗਲਾ ਨੇ ਵਿਭਾਗ ਵਿੱਚ ਲੱਗੇ ਵਾਟਰ ਕੂਲਰਾਂ ਅਤੇ ਵਾਟਰ ਪਿਊਰੀਫਾਇਰ ਦੀ ਸਮੇਂ ਉਤੇ ਸਰਵਿਸ ਕਰਵਾਉਣ ਦੇ ਵੀ ਆਦੇਸ਼ ਦਿੱਤੇ ਅਤੇ ਇਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਲਈ ਵੀ ਕਿਹਾ। ਉਨ੍ਹਾਂ ਵਾਟਰ ਕੂਲਰਾਂ ਦਾ ਪਾਣੀ ਪੀ ਕੇ ਵੀ ਦੇਖਿਆਂ। ਉਨ੍ਹਾਂ ਕਿਹਾ ਕਿ ਬਿਲਡਿੰਗ ਦੀ ਸਫ਼ਾਈ ਸਵੇਰੇ 9 ਵਜੇ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਹੈ ਜਦ ਕਿ ਅੱਜ 9:30 ਮਿੰਟ ਤੱਕ ਹਰ ਮੰਜ਼ਿਲ ‘ਤੇ ਸਫ਼ਾਈ ਦਾ ਸਮਾਨ ਖਿੱਲਰਿਆਂ ਪਿਆ ਸੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੀਆਂ ਸਾਰੀਆਂ 14 ਸ਼ਾਖਾਵਾਂ ਦੀ ਚੈਕਿੰਗ ਤੋਂ ਬਾਅਦ ਸਮੂਹ ਸਟਾਫ਼ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਅਤੇ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਕੰਮ ਸਮੇਂ ਸਿਰ ਅਤੇ ਪਾਰਦਰਸ਼ਤਾ ਨਾਲ ਕਰਨ ਅਤੇ ਜੇਕਰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਕੋਈ ਵੀ ਕਰਮਚਾਰੀ ਸਿੱਧਾ ਮੈਨੂੰ ਫ਼ੋਨ ਕਰਕੇ ਆਪਣੀਆਂ ਮੁਸ਼ਕਲ ਦੱਸ ਸਕਦਾ ਹੈ। ਇਸ ਮੌਕੇ ਕਰਮਚਾਰੀਆਂ ਵੱਲੋਂ ਉਠਾਈ ਪਾਰਕਿੰਗ ਦੀ ਸਮੱਸਿਆ ਅਤੇ ਕਰਮਚਾਰੀਆਂ ਦੀ ਘਾਟ ਦਾ ਹੱਲ ਛੇਤੀ ਕਰਨ ਦਾ ਭਰੋਸਾ ਦਿੰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਸਟਾਫ਼ ਨੂੰ ਆਪਣੇ ਕੰਮ ਦੀ ਗੁਣਵੱਤਾ ਵਧਾਉਣ ਲਈ ਜਿੰਨਾ ਸਹੂਲਤਾਂ ਦੀ ਜ਼ਰੂਰਤ ਹੋਵੇਗੀ ਉਹ ਸਟਾਫ਼ ਨੂੰ ਦਿੱਤੀਆਂ ਜਾਣਗੀਆਂ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਜੋ ਕਰਮਚਾਰੀ ਲੇਟ ਆਏ ਹਨ ਉਨ੍ਹਾਂ ਉਪਰ ਸਰਕਾਰ ਵੱਲੋਂ ਜੁਲਾਈ 2017 ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਜੋ ਕਰਮਚਾਰੀ ਪਹਿਲੀ ਵਾਰ ਲੇਟ ਹਨ ਉਨ੍ਹਾਂ ਦੀ ਛੁੱਟੀ ਮੰਨੀ ਜਾਵੇਗੀ ਅਤੇ ਜੇਕਰ ਕਰਮਚਾਰੀ ਇਕ ਮਹੀਨੇ ਵਿੱਚ ਦੂਸਰੀ ਵਾਰ ਲੇਟ ਆਉਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ ਅਤੇ ਜੇਕਰ ਕਰਮਚਾਰੀ ਲੇਟ ਆਉਣ ਦਾ ਆਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੂੰ ਮਨਜ਼ੂਰੀ ਲਈ ਆਪਣੇ ਸੀਨੀਅਰ ਅਫ਼ਸਰਾਂ ਕੋਲ ਚੰਡੀਗੜ੍ਹ ਜਾਣਾ ਪੈਂਦਾ ਹੈ ਜਿਸ ਕਾਰਨ ਸਮੇਂ ਦੀ ਬਰਬਾਦੀ ਅਤੇ ਕੰਮ ਵਿੱਚ ਦੇਰੀ ਹੋ ਜਾਂਦੀ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਫੇਰੀ ਨੂੰ ਹਫ਼ਤੇ ਵਿੱਚ ਇੱਕ ਜਾ ਦੋ ਦਿਨਾਂ ਮੁੱਖ ਦਫ਼ਤਰ ਵਿਖੇ ਯਕੀਨੀ ਬਣਾਉਣ ਲਈ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਇਸ ਮੀਟਿੰਗ ਦਾ ਮੁੱਖ ਮਕਸਦ ਲੋਕ ਨਿਰਮਾਣ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਹੋਰ ਬਿਹਤਰ ਕਰਨਾ ਹੈ।
ਸ਼੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅਜਿਹੀਆਂ ਫੇਰੀਆਂ ਭਵਿੱਖ ਵਿੱਚ ਵੀ ਹੁੰਦੀਆਂ ਰਹਿਣਗੀਆਂ ਕਿਉਂਕਿ ਵਿਭਾਗ ਦੇ ਹਿਤ ਲਈ ਫ਼ੈਸਲੇ ਲੈਣ ਲਈ ਫੀਡ ਬੈਕ ਦਾ ਹੋਣਾ ਬਹੁਤ ਜ਼ਰੂਰੀ ਹੈ।

Leave a Reply

Your email address will not be published. Required fields are marked *