ਡਾ. ਕੰਵਲਜੀਤ ਸਿੰਘ ਪ੍ਰੀਖਿਆ ਸ਼ਾਖਾ ਵਿਖੇ ਐਡੀਸ਼ਨਲ ਕੰਟਰੋਲਰ ਹੋਣਗੇ
ਪਟਿਆਲਾ 6 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਵੱਲੋਂ ਡਾ. ਕੰਵਲਜੀਤ ਸਿੰਘ, ਡਾਇਰੈਕਟਰ ਯੂਨੀਵਰਸਿਟੀ ਕੰਪਿਊਟਰ ਸੈਂਟਰ ਨੂੰ ਪ੍ਰੀਖਿਆ ਸ਼ਾਖਾ ਵਿਖੇ ਐਡੀਸ਼ਨਲ ਕੰਟਰੋਲਰ ਵਜੋਂ ਸੇਵਾਵਾਂ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਰਜਿਸਟਰਾਰ, ਪੰਜਾਬੀ ਯੂਨੀਵਰਸਿਟੀਵੱਲੋਂ ਜ਼ਾਰੀ ਦਫਤਰੀ ਆਦੇਸ਼ਾਂ ਵਿਚ ਲਿਖਿਆ ਗਿਆ ਹੈ ਕਿ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਵਾਈਸ-ਚਾਂਸਲਰ ਸਾਹਿਬ ਨੇ ਡਾ. ਕੰਵਲਜੀਤ ਸਿੰਘ ਨੂੰ ਬਤੌਰ ਐਡੀਸ਼ਨਲ ਕੰਟਰੋਲਰ ਕੰਮ ਕਰਨ ਦੇ ਆਦੇਸ਼ ਦਿੱਤੇ ਹਨ। ਆਦੇਸ਼ਾਂ ਵਿਚ ਨਾਲ ਹੀ ਇਹ ਵੀ ਲਿਖਿਆ ਗਿਆ ਗਿਆ ਹੈ ਕਿ ਇਨ੍ਹਾਂ ਨੂੰ ਕੰਮ/ਸ਼ਕਤੀਆਂ ਡੈਲੀਗੇਟ ਕਰਨ ਦਾ ਅਖਤਿਆਰ ਕੰਟਰੋਲਰ (ਪ੍ਰੀਖਿਆਵਾਂ) ਡਾ. ਜੀ. ਐੱਸ. ਬੱਤਰਾ ਕੋਲ ਕੋਲ ਹੋਵੇਗਾ, ਤਾਂ ਜੋ ਉਹ ਪ੍ਰੀਖਿਆ ਸ਼ਾਖਾ ਦਾ ਕੰਮ ਚੰਗੀ ਤਰ੍ਹਾਂ ਅਤੇ ਬਿਨਾ ਕਿਸੇ ਰੁਕਾਵਟ ਦੇ ਨਿਭਾ ਸਕਣ।
ਇਸ ਸੰਬੰਧੀ ਗੱਲ ਕਰਦਿਆਂ ਵਾਈਸ-ਚਾਂਸਲਰ ਡਾ. ਬੀ.ਐੱਸ ਘੁੰਮਣ ਵੱਲੋਂ ਦੱਸਿਆ ਗਿਆ ਕਿ ਪ੍ਰੀਖਿਆ ਸ਼ਾਖਾ ਦੀ ਕੰਮ ਕਾਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਇਹ ਕਦਮ ਉਠਾਇਆ ਗਿਆ ਹੈ ਤਾਂ ਕਿ ਡਾ. ਕੰਵਲਜੀਤ ਸਿੰਘ ਦੇ ਆਧੁਨਿਕ ਤਕਨੌਲਜੀ ਵਿਚਲੇ ਅਨੁਭਵ ਅਤੇ ਸਮਰਥਾ ਦਾ ਭਰਪੂਰ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੇ ਸਮੁੱਚੇ ਨਤੀਜੇ ਸਮੇਂ ਸਿਰ ਐਲਾਨਣ ਤੋਂ ਲੈ ਕੇ ਨਤੀਜਾ ਪ੍ਰਣਾਲੀ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ ਤਕ ਦੇ ਕੰਮਾਂ ਵਿਚ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਵਾਈਸ-ਚਾਂਸਲਰ ਸਾਹਿਬ ਵੱਲੋਂ ਉਨ੍ਹਾਂ ਦੀ ਟੀਮ ਨੂੰ ਯੂਨੀਵਰਸਿਟੀ ਦੇ ਸਾਰੇ ਡਿਪਟੀ ਅਤੇ ਸਹਾਇਕ ਰਜਿਸਟਰਾਰਾਂ ਨੂੰ ਨਵੀਂ ਤਕਨੌਲਜੀ ਨਾਲ ਜੋੜਨ ਹਿਤ ਪੰਜ ਦਿਨਾ ਵਰਕਸ਼ਾਪ ਲਗਵਾਉਣ ਹਿਤ ਕਾਰਜ ਸੌਂਪਿਆ ਗਿਆ ਸੀ। ਡਾ. ਘੁੰਮਣ ਦੇ ਦੱਸਣ ਅਨੁਸਾਰ ਬਾਕੀ ਸਾਰੇ ਸਟਾਫ ਦੀਆਂ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਵੀ ਵਾਰੀ ਸਿਰ ਕੀਤਾ ਜਾਣਾ ਹੈ।

