ਦਮਦਮੀ ਟਕਸਾਲ ਨੇ 34ਵਾਂ ਸ਼ਹੀਦੀ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ
ਦਮਦਮੀ ਟਕਸਾਲ ਸੇਵਾ ਰਤਨ ਸਨਮਾਨ ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲੇ ਵਾਲਿਆਂ ਨੂੰ
ਮਹਿਤਾ ਚੌਕ 6 ਜੂਨ (ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ, ਵਿਖੇ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਵਿਚ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਅਤੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ 34ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸ਼ਰਧਾ ਨਾਲ ਆਪ ਮੁਹਾਰੇ ਲੱਖਾਂ ਦੀ ਗਿਣਤੀ ‘ਚ ਉਮੜਿਆ ਸੰਗਤ ਦਾ ਸੈਲਾਬ ਨਜ਼ਰੀਂ ਆਇਆ। ਜਿਸ ਨੇ ਕਿ ਸ਼ਹੀਦੀ ਸਮਾਗਮ ਲਈ ਕੀਤੇ ਗਏ ਸਾਰੇ ਵਿਸ਼ੇਸ਼ ਪ੍ਰਬੰਧ ਫਿੱਕੇ ਪਾ ਦਿਤੇ ਹਨ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਉਚ ਅਵਸਥਾ, ਧਾਰਮਿਕ ਪ੍ਰਾਪਤੀਆਂ ਅਤੇ ਕੁਰਬਾਨੀਆਂ ਵਾਲੇ ਜੀਵਨ ਸੰਘਰਸ਼ ‘ਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਇਆ।ਉਨ੍ਹਾਂ ਕਿਹਾ ਕਿ ਇਸ ਕਲਗ਼ੀਧਰ ਦੇ ਸਪੁੱਤਰ ਨੇ ਦੁਨੀਆ ਨੂੰ ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰ੍ਹਵੀਂ ਅਤੇ ਉਨੀਵੀ ਸਦੀ ‘ਚ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਂਦੇ ਰਹੇ ਸਗੋਂ ਉਹ ਵੀਹਵੀਂ ਸਦੀ ਵਿਚ ਵੀ ਜ਼ਾਲਮ ਹਕੂਮਤਾਂ ਦੇ ਤਖ਼ਤਾਂ ਨੂੰ ਹਿਲਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦਸਿਆ ਕਿ ਸੰਤ ਜੀ ਅਤੇ ਸਾਥੀਆਂ ਨੇ 6 ਦਿਨ 6 ਰਾਤਾਂ ਭੁੱਖਣ ਭਾਣੇ ਰਹਿ ਕੇ ਵੀ ਹਮਲਾਵਰ ਫ਼ੌਜ ਦੇ 72 ਘੰਟੇ ਤਕ ਪੈਰ ਨਹੀਂ ਲੱਗਣ ਦਿਤੇ। ਉਨ੍ਹਾਂ ਅਜਿਹਾ ਲਾਸਾਨੀ ਇਤਿਹਾਸ ਸਿਰਜਿਆ ਜਿਸ ‘ਤੇ ਆਉਣ ਵਾਲੀਆਂ ਪੀੜੀਆਂ ਸਦਾ ਮਾਣ ਕਰਨਗੀਆਂ। ਉਨ੍ਹਾਂ ਕਿਹਾ ਕਿ ਸੰਤਾਂ ਦੀ ਕੁਰਬਾਨੀ ਤੇ ਹੋਰ ਮਹਾਨ ਸਿੰਘ ਦੀਆਂ ਸ਼ਹੀਦੀਆਂ ਦੀ ਬਦੌਲਤ ਦੇਸ਼ ਵਿਦੇਸ਼ ‘ਚ ਅੱਜ ਸਿੱਖ ਰਾਜਭਾਗ ਦੇ ਹਿੱਸੇਦਾਰ ਬਣੇ ਹੋਏ ਹਨ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਗੁਰਮਤਿ ਪ੍ਰਚਾਰ ਪ੍ਰਸਾਰ, ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਮੁਹਿੰਮ ਨੂੰ ਤੇਜ ਕਰਨ ਅਤੇ ਜਥੇਬੰਦਕ ਪਸਾਰੇ ਲਈ ਦਮਦਮੀ ਟਕਸਾਲ ਨੂੰ ਜਥੇਬੰਦਕ ਢਾਂਚੇ ਵਿਚ ਬੰਨ੍ਹਦਿਆਂ ਹਰ ਜ਼ਿਲ੍ਹਾ ਅਤੇ ਸਰਕਲਾਂ ‘ਚ ਜਥੇਦਾਰ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਸੇਵਾ ਰਤਨ ਅਵਾਰਡ ਇਤਿਹਾਸਕ ਗੁਰਧਾਮਾਂ, ਸਰਾਵਾਂ, ਲੰਗਰ ਹਾਲਾਂ ਦੀ ਉਸਾਰੀ ਅਤੇ ਲੋੜਵੰਦਾਂ ਦੀ ਮਦਦ ਕਰਦਿਆਂ ਸਮਾਜ ਸੇਵਾ ਨੂੰ ਸਮਰਪਿਤ ਸੰਤ ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਪਟਿਆਲੇ ਵਾਲਿਆਂ ਨੂੰ ਦਿਤਾ ਗਿਆ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦੀ ਪੰਥ ਨੂੰ ਬਹੁਤ ਵਡੀ ਦੇਣ ਹੈ। ਗੁਰਬਾਣੀ ਪ੍ਰਚਾਰ ਪ੍ਰਸਾਰ, ਸ਼ਹਾਦਤਾਂ ਅਤੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਰਗੇ ਹਰ ਖੇਤਰ ‘ਚ ਟਕਸਾਲ ਅਗੇ ਰਹੀ ਹੈ। ਦਮਦਮੀ ਟਕਸਾਲ ਦੀ ਨੁਕਤਾਚੀਨ. ਕਰਨ ਵਾਲਿਆਂ ਨੂੰ ਆੜੇ ਹੱਥੀਂ ਲੈ ਦਿਆਂ ਉਨ੍ਹਾਂ ਕਿਹਾ ਕਿ ਸਮੁੱਚਾ ਪੰਥ ਇਕ ਪਲੇਟ ਫਾਰਮ ‘ਤੇ ਇਕੱਤਰ ਹੋਵੇ। ਉਨ੍ਹਾਂ ਦਸਿਆ ਿਕ ਸ੍ਰੀ ਅਕਾਲ ਤਖਤ ਸਾਹਿਬ ਪੰਥਕ ਏਕਤਾ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਉਨ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋਗਰਾਮ ਉਲੀਕਣ ਦਾ ਸਦਾ ਦਿਤਾ।
ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਿਖੀ ਬਾਣੇ ‘ਚ ਸਿਖੀ ਸਿਧਾਂਤਾਂ, ਬਾਣੀ ਅਤੇ ਬਾਣੇ ਨੂੰ ਨਿਸ਼ਾਨਾ ਬਣਾ ਰਹੇ ਬਹੁਰੂਪੀਏ ਪ੍ਰਚਾਰਕਾਂ ਪ੍ਰਤੀ ਸੁਚੇਤ ਅਤੇ ਸਾਵਧਾਨ ਰਹਿਣ ਲਈ ਕੌਮ ਨੂੰ ਅਪੀਲ ਕੀਤੀ।

