ਖਾਣ ਪੀਣ ਦੀ ਮਿਆਰੀ ਸਮੱਗਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ- ਕੁਮਾਰ ਅਮਿਤ
ਜ਼ਿਲ੍ਹਾ ਪ੍ਰਸਾਸ਼ਨ ਦੀ ਟੀਮ ਵੱਲੋਂ ਕਾਰਵਾਈ ਦੂਜੇ ਦਿਨ ਵੀ ਜਾਰੀ, ਫ਼ਲ ਤੇ ਸਬਜ਼ੀਆਂ ਦਾ ਅਚਨਚੇਤ ਨਿਰੀਖਣ,
ਫ਼ਲ ਪਕਾਉਣ ਲਈ ਅੰਬ ਤੇ ਪਪੀਤੇ ‘ਚ ਰੱਖੇ ਸ਼ੱਕੀ ਪਦਾਰਥ ਦੇ ਨਮੂਨੇ ਲਏ
ਮਿਸ਼ਨ ਤੰਦਰੁਸਤ ਪੰਜਾਬ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਵਪਾਰੀ ਤੇ ਦੁਕਾਨਦਾਰ-ਡਿਪਟੀ ਕਮਿਸ਼ਨਰ
ਪਟਿਆਲਾ, 12 ਜੂਨ (ਮਧੂਸਾਰ ਬਿਊਰੋ) ਲੋਕਾਂ ਦੀ ਤੰਦਰੁਸਤੀ ਬਹਾਲ ਰੱਖਣ ਅਤੇ ਉਨ੍ਹਾਂ ਨੂੰ ਖਾਣ ਪੀਣ ਲਈ ਮਿਆਰੀ ਤੇ ਸਾਫ਼ ਸੁਥਰੀ ਸਮੱਗਰੀ ਮੁਹੱਈਆ ਕਰਵਾਉਣ ਸਮੇਤ ਲੋਕਾਂ ਨੂੰ ਖਾਣ ਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਅਰੰਭੀ ਅਚਨਚੇਤ ਨਿਰੀਖਣ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਹੀ ਇਹ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਡਿਪਟੀ ਕਾਰਜਕਾਰੀ ਅਫ਼ਸਰ ਸ. ਚਰਨਜੋਤ ਸਿੰਘ ਵਾਲੀਆ, ਬਾਗਬਾਨੀ ਵਿਭਾਗ ਦੇ ਉਪ ਨਿਰਦੇਸ਼ਕ ਡਾ. ਸਵਰਨ ਸਿੰਘ ਮਾਨ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕ੍ਰਿਸ਼ਨ ਸਿੰਘ, ਸਹਾਇਕ ਸਿਹਤ ਅਫ਼ਸਰ ਡਾ. ਮਲਕੀਅਤ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਸ੍ਰੀਮਤੀ ਪੁਨੀਤ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਨੇ ਨਵੀਂ ਆਧੁਨਿਕ ਫ਼ਲ-ਸਬਜ਼ੀ ਮੰਡੀ ਸਨੌਰ ਅਤੇ ਰਾਘੋਮਾਜਰਾ ਸਥਿਤ ਪੁਰਾਣੀ ਸਬਜ਼ੀ ਮੰਡੀ ਵਿਖੇ ਫ਼ਲਾਂ ਅਤੇ ਸਬਜ਼ੀਆਂ ਦਾ ਅਚਨਚੇਤ ਨਿਰੀਖਣ ਕੀਤਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਜਿੱਥੇ ਸਬਜ਼ੀ ਮੰਡੀ ਵਿਖੇ ਸਾਫ਼ ਸਫ਼ਾਈ ਦੀ ਕਮੀ ਦਾ ਇਸ ਟੀਮ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਉਥੇ ਹੀ ਕੇਲੇ ਪਕਾਉਣ ਲਈ ਪੰਜਾਬ ਮੰਡੀ ਬੋਰਡ ਦੇ ਰਾਇਪਿੰਗ ਚੈਂਬਰ ਸਮੇਤ ਫ਼ਲਾਂ ਦੇ ਆੜਤੀਆਂ ਵੱਲੋਂ ਪ੍ਰਚੂਨ ਵਿਕ੍ਰੇਤਾਵਾਂ ਨੂੰ ਵੇਚਣ ਲਈ ਰੱਖੇ ਗਏ ਫ਼ਲਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਕਰੇਟਾਂ ‘ਚ ਅੱਗੇ ਵੇਚਣ ਲਈ ਰੱਖੇ ਗਏ ਅੰਬਾਂ ਵਿੱਚੋਂ ਸ਼ੱਕੀ ਸਮੱਗਰੀ ਪ੍ਰਾਪਤ ਹੋਈ, ਜਿਸ ‘ਤੇ ਕਾਰਵਾਈ ਕਰਦਿਆਂ ਫੂਡ ਸੇਫ਼ਟੀ ਅਫ਼ਸਰ ਵੱਲੋਂ ਇਸ ਦੇ ਨਮੂਨੇ ਅੱਗਲੇਰੇ ਨਿਰੀਖਣ ਲਈ ਹਾਸਲ ਕਰ ਲਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਪੁਰਾਣੀ ਸਬਜ਼ੀ ਮੰਡੀ ਵਿਖੇ ਵੀ ਸਾਫ਼-ਸਫ਼ਾਈ ਸਮੇਤ ਗਲੇ ਸੜੇ ਫ਼ਲਾਂ ਤੇ ਸਬਜ਼ੀਆਂ ਦਾ ਨਿਰੀਖਣ ਕੀਤਾ ਗਿਆ। ਨਾ ਖਾਣਯੋਗ ਫ਼ਲ ਤੇ ਸਬਜ਼ੀਆਂ ਸੁਟਵਾਏ ਗਏ ਅਤੇ ਭਵਿੱਖ ‘ਚ ਇਸ ਬਾਰੇ ਸੁਚੇਤ ਰਹਿਣ ਲਈ ਹਦਾਇਤ ਕੀਤੀ ਗਈ। ਜਦੋਂਕਿ ਪਪੀਤੇ ਦੇ ਸਟੋਰ ਵਿੱਚ ਨਿਰੀਖਣ ਦੌਰਾਨ ਵੀ ਪਪੀਤੇ ਪਕਾਉਣ ਲਈ ਵਰਤਿਆ ਜਾ ਰਿਹਾ ਸ਼ੱਕੀ ਪਦਾਰਥ ਪਾਇਆ ਗਿਆ, ਜਿਸ ਦੇ ਨਮੂਨੇ ਵੀ ਹਾਸਲ ਕਰ ਲਏ ਗਏ।
ਉਨ੍ਹਾਂ ਦੱਸਿਆ ਕਿ ਰੇਹੜੀਆਂ ਅਤੇ ਦੁਕਾਨਾਂ ਤੇ ਵਿਕਰੀ ਲਈ ਪਏ ਅੱਧ ਪੱਕੇ, ਜਿਆਦਾ ਪੱਕੇ ਅਤੇ ਕੱਟੇ ਹੋਏ ਫਲ ਫਰੂਟ ਅਤੇ ਸਬਜੀਆਂ ਨੂੰ ਸੁਟਵਾ ਕੇ ਸਬਜੀ ਤੇ ਫਲ ਵਿਕਰੇਤਾ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਭਵਿੱਖ ਵਿੱਚ ਸਾਫ ਸੁਥਰੇ ਅਤੇ ਪੂਰੀ ਤਰ੍ਹਾਂ ਪੱਕੇ ਹੋਏ ਫਲ ਫਰੂਟ ਅਤੇ ਸਬਜੀਆਂ ਹੀ ਵੇਚਣ। ਫਲਾਂ ਅਤੇ ਸਬਜੀਆਂ ਨੂੰ ਜਲਦੀ ਪਕਾਉਣ ਲਈ ਕਿਸੇ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਿਰੀਖਣ ਦਾ ਮਕਸਦ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾਂ ਨਹੀਂ ਬਲਕਿ, ਆਮ ਲੋਕਾਂ ਨੂੰ ਖਾਣ-ਪੀਣ ਲਈ ਸਾਫ਼ ਸੁਥਰੀ ਤੇ ਮਿਆਰੀ ਸਮੱਗਰੀ ਮੁਹੱਈਆ ਕਰਵਾਉਣਾ ਹੈ। ਇਸ ਲਈ ਉਹ ਅਪੀਲ ਕਰਦੇ ਹਨ ਕਿ ਵਪਾਰੀ ਤੇ ਦੁਕਾਨਦਾਰ ਇਸ ਮੁਹਿੰਮ ‘ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਲੋਕਾਂ ਨੂੰ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਪੂਰੀ ਹੋ ਸਕੇ।
ਇਸੇ ਦੌਰਾਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਅਜਿਹੀ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਸਿਹਤ ਵਿਭਾਗ ਵੱਲੋਂ ਜਿਲ੍ਹਾ ਐਪੀਡੈਮੋਲੋਜਿਸਟ ਡਾ. ਗੁਰਮੀਤ ਸਿੰਘ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਅਨਿੱਲ ਕੁਮਾਰ ਅਤੇ ਨਗਰ ਨਿਗਮ ਦੇ ਵੱਲੋਂ ਵੀ ਕਰਮਚਾਰੀ ਹਾਜਰ ਹੋਏ।

