ਪਟਿਆਲਾ

ਡੀਨ ਅਕਾਦਮਿਕ ਮਾਮਲੇ ਵੱਲੋਂ ਦਾਖਲਿਆਂ ਸੰਬੰਧੀ ਸ਼ਡਿਊਲ ਨੂੰ ਪ੍ਰਵਾਨਗੀ

ਪਟਿਆਲਾ 12 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਵੱਲੋਂ ਅਕਾਦਮਿਕ ਕੌਂਸਲ ਦੀ ਪ੍ਰਵਾਨਗੀ ਦੀ ਆਸ ਵਿਚ ਅਕਾਦਮਿਕ ਸਾਲ 2018-19 ਦੌਰਾਨ ਯੂਨੀਵਰਸਿਟੀ ਦੇ ਸਮੂਹ ਅਧਿਆਪਨ ਵਿਭਾਗਾਂ, ਰੀਜਨਲ ਸੈਂਟਰਾਂ, ਨੇਬਰਹੁੱਡ ਕੈਂਪਸਾਂ ਵਿਖੇ ਚਲਾਏ ਜਾ ਰਹੇ ਸਮੈਸਟਰ ਸਿਸਟਮ ਦੇ ਕੋਰਸਾਂ ਦੇ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਰੈਗੂਲਰ ਅਤੇ ਲੇਟ ਦਾਖਲਿਆਂ ਸੰਬੰਧੀ ਸ਼ਡਿਊਲ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਪ੍ਰਵਾਨ ਕੀਤੇ ਗਏ ਇਸ ਸ਼ਡਿਊਲ ਅਨੁਸਾਰ 23 ਜੁਲਾਈ 2018 ਤਕ ਰੈਗੂਲਰ ਦਾਖਲਾ ਕੀਤਾ ਜਾਣਾ ਹੈ ਅਤੇ ਸੰਬੰਧਤ ਵਿਭਾਗ ਦੇ ਮੁਖੀ ਦੀ ਸਿਫਾਰਿਸ਼ ਅਤੇ ਡੀਨ ਅਕਾਦਮਿਕ ਮਾਮਲੇ ਦੀ ਪ੍ਰਵਾਨਗੀ ਨਾਲ ਦਾਖਲੇ ਦੀ ਮਿਤੀ 24 ਜੁਲਾਈ 2018 ਤੋਂ 27 ਜੁਲਾਈ 2018 ਤਕ ਰਹੇਗੀ। ਇਸ ਉਪਰੰਤ ਮਿਤੀ 30 ਜੁਲਾਈ 2018 ਤੋਂ 3 ਅਗਸਤ 2018 ਤਕ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ ਦਾਖਲਾ ਲਿਆ ਜਾ ਸਕਦਾ ਹੈ। ਅੰਤ ਵਿਚ ਅਕਾਦਮਿਕ ਕੌਂਸਲ ਦੀ ਪ੍ਰਵਾਨਗੀ ਦੀ ਆਸ ਵਿਚ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ 6 ਅਗਸਤ 2018 ਤੋਂ 10 ਅਗਸਤ 2018 ਤਕ ਇਹ ਦਾਖਲੇ ਹੋ ਸਕਣਗੇ। ਜ਼ਿਕਰਯੋਗ ਹੈ ਕਿ ਇਸ ਨਵੇਂ ਸੈਸ਼ਨ ਤੋਂ ਯੂਨੀਵਰਸਿਟੀ ਦੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਵਿਭਾਗ ਵਿਖੇ ਮੀਡੀਆ ਦੇ ਖੇਤਰ ਵਿਚ ਪਹਿਲਕਦਮੀ ਕਰਦਿਆਂ ਕੁੱਝ ਨਿਵੇਕਲੇ ਪ੍ਰੋਫੈਸ਼ਨਲ ਕੋਰਸ਼ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਕੋਰਸਾਂ ਵਿਚ ਦੋ ਸਾਲਾ ਐਮ.ਬੀ.ਏ. (ਮੀਡੀਆ ਸਟੱਡੀਜ਼ ਅਤੇ ਐਂਟਰਟੇਨਮੈਂਟ), ਪੰਜ ਸਾਲਾ ਇੰਟੀਗਰੇਟਡ ਐੱਮ.ਏ. ਕੋਰਸ (ਆਨਰਜ਼) ਇਨ ਟੀਵੀ ਐਂਡ ਫਿਲਮ ਪ੍ਰੋਡਕਸ਼ਨ, ਤਿੰਨ ਸਾਲ ਬੀ.ਏ. (ਆਨਰਜ਼) ਇਨ ਜਰਨਲਿਜ਼ਮ, ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਟੈਕਨੌਲਜੀ ਕੋਰਸਾਂ ਤੋਂ ਇਲਾਵਾ ਐਕਟਿੰਗ ਐਂਡ ਡਾਇਰੈਕਸ਼ਨ, ਸਟਿੱਲ ਫੋਟੋਗਰਾਫ਼ੀ ਐਂਡ ਵੀਡੀਓਗ੍ਰਾਫੀ, ਵੀਡੀਓ ਐਡਿਟਿੰਗ ਐਂਡ ਕੰਪੋਜ਼ਿੰਗ ਦੇ ਤਿੰਨ ਮਹੀਨੇ, ਛੇ ਮਹੀਨੇ ਅਤੇ ਇਕ ਸਾਲ ਦੇ ਸ਼ਾਰਟ ਟਰਮ ਕੋਰਸ ਵੀ ਸ਼ਾਮਿਲ ਹਨ ਜਿਨ੍ਹਾਂ ਲਈ ਕਿ ਸ਼ਾਮ ਪੰਜ ਵਜੇ ਤੋਂ ਬਾਅਦ ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਸਾਰੇ ਹੀ ਕੋਰਸ ਆਪਣੇ ਆਪ ਵਿਚ ਇਸ ਖੇਤਰ ਦੇ ਨਿਵੇਕਲੇ ਕੋਰਸ ਹਨ, ਜੋ ਇਸ ਖਿੱਤੇ ਵਿਚ ਕਿਸੇ ਵੀ ਯੂਨੀਵਰਸਿਟੀ ਵੱਲੋਂ ਨਹੀਂ ਕਰਵਾਏ ਜਾਂਦੇ।ਵਿਭਾਗ ਵੱਲੋਂ ਮੀਡੀਆ ਅਤੇ ਮਨੋਰੰਜਨ ਦੀ ਦੁਨੀਆਂ ਵਿਚ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਇਹ ਸਾਰੇ ਕੋਰਸ ਭਵਿੱਖ ਵਿਚ ਲਾਹੇਵੰਦ ਸਿੱਧ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ।

Leave a Reply

Your email address will not be published. Required fields are marked *