ਥਾਪਰ ਯੂਨੀਵਰਸਿਟੀ ਕੈਂਪਸ ਵਿੱਚ 21 ਜੂਨ ਨੂੰ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਯੋਗ ਦਿਵਸ
ਅੱਜ ਦੀ ਤੇਜ ਰਫਤਾਰ ਭਰੀ ਜਿੰਦਗੀ ਵਿੱਚ ਯੋਗ ਬੇਹੱਦ ਮਹੱਤਵਪੂਰਣ ਹੈ: ਪੂਨਮਦੀਪ ਕੌਰ
ਪਟਿਆਲਾ , 18 ਜੂਨ (ਮਧੂਸਾਰ ਬਿਊਰੋ) ਰਾਜ ਵਿੱਚ ਚੱਲ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਥਾਪਰ ਯੂਨੀਵਰਸਿਟੀ ਕੈਂਪਸ ਵਿੱਚ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਯੋਗ ਦਿਵਸ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਅੱਜ ਦੀ ਤੇਜ ਰਫਤਾਰ ਭਰੀ ਜਿੰਦਗੀ ਵਿੱਚ ਯੋਗ ਬੇਹੱਦ ਮਹੱਤਵਪੂਰਣ ਹੈ । ਉਨ੍ਹਾਂ ਕਿਹਾ ਕਿ ਵਾਸਤਵ ਵਿੱਚ ਮਨ ‘ਤੇ ਨਿਯੰਤਰਣ ਕਰਣਾ ਹੀ ਯੋਗ ਹੈ ਅਤੇ ਇਸ ਦੇ ਲਈ ਯੋਗ ਅਭਿਆਸ ਕਰਨਾ ਜਰੂਰੀ ਹੈ ।
ਜਿਲਾ ਪ੍ਰਸ਼ਾਸਨ ਦੇ ਆਯੂਰਵੈਦਿਕ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਯੋਗ ਦਿਵਸ ਪ੍ਰੋਗਰਾਮ ਦੇ ਸੰਬੰਧ ਵਿੱਚ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਥਾਪਰ ਯੂਨੀਵਰਸਿਟੀ ਕੈਂਪ ਵਿੱਚ ਹੋਸਟਲ ਦੇ ਨਜ਼ਦੀਕ ਟੈਨਿਸ ਅਤੇ ਬਾਸਕਟਬਾਲ ਮੈਦਾਨ ਦੇ ਕੋਲ ਯੋਗ ਦਿਵਸ ਸਮਾਰੋਹ ਆਜੋਜਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਯੋਗ ਪ੍ਰੋਗਰਾਮ ਵਿੱਚ ਭਾਗ ਲੈਣ ਲਈ 21 ਜੂਨ ਨੂੰ ਸਵੇਰੇ ਛੇ ਵਜੇ ਤੋਂ ਪਹਿਲਾਂ ਪ੍ਰੋਗਰਾਮ ਵਾਲੇ ਸਥਾਨ ‘ਤੇ ਪੁੱਜਣਾ ਲਾਜ਼ਮੀ ਹੈ , ਸਾਢੇ ਛੇ ਵਜੇ ਤੱਕ ਸਾਰਿਆਂ ਨੂੰ ਨਿਰਧਾਰਤ ਸਥਾਨ ‘ਤੇ ਆਪਣੀ ਜਗ੍ਹਾ ਲੈਣੀ ਹੋਵੇਗੀ । ਅੱਠ ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਸਥਾਨ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਹੀ ਦਿੱਤਾ ਜਾਵੇਗਾ ।
ਮੀਟਿੰਗ ਵਿੱਚ ਮੌਜੂਦ ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜ ਸੌ ਤੋਂ ਛੇ ਸੌ ਦੇ ਵਿਚਕਾਰ ਯੋਗ ਸਿਖਿਅਕ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ । ਮੂਲ ਰੂਪ ਵਿੱਚ ਪ੍ਰੋਗਰਾਮ ਲਈ ਖੁੱਲੇ ਵਿੱਚ ਪ੍ਰਬੰਧ ਕੀਤਾ ਜਾ ਰਿਹਾ ਹੈ, ਪਰੰਤੂ ਮੀਂਹ ਆਉਣ ਦੀ ਸੂਰਤ ਵਿੱਚ ਯੂਨੀਵਰਸਿਟੀ ਵਿੱਚ ਸਥਿਤ ਬੈਡਮਿੰਟਨ ਕੋਰਟ ਅਤੇ ਜਿਨਮੇਜਿਅਮ ਹਾਲ ਵਿੱਚ ਬਦਲਵੇਂ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਪ੍ਰਦੇਸ਼ ਭਰ ਵਿੱਚ ਚੱਲ ਰਹੇ ਤੰਦਰੁਸਤ ਪੰਜਾਬ ਅਭਿਆਨ ਦੇ ਤਹਿਤ ਇਸ ਵਾਰ ਯੋਗ ਕੈਂਪ ਵਿੱਚ ਪੁੱਜਣ ਵਾਲੇ ਵਿਅਕਤੀਆਂ ਲਈ ਦੁੱਧ ਅਤੇ ਫਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਪਾਣੀ ਲਈ ਪਲਾਸਟਿਕ ਦੀਆਂ ਬੋਤਲਾਂ ਨਹੀਂ ਹੋਣਗੀਆਂ ਪਰ ਪੀਣ ਲਈ ਸਵੱਛ ਪਾਣੀ ਜਰੂਰ ਹੋਵੇਗਾ । ਇਸੇ ਤਰ੍ਹਾਂ ਪਲਾਸਟਿਕ ਦੇ ਫਲੈਕਸ ਆਦਿ ਦੇ ਸਥਾਨ ‘ਤੇ ਕੱਪੜੇ ਦੇ ਬੈਨਰ ਲਗਾਏ ਜਾ ਰਹੇ ਹਨ । ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਸਮਾਨ ਦੀ ਅੰਧਾਧੁੰਦ ਵਰਤੋਂ ਨਾ ਕਰਨ, ਤਾਂ ਕਿ ਵਾਤਾਵਰਣ ਨੂੰ ਬਿਹਤਰ ਬਣਾਉਂਦੇ ਹੋਏ ਲੋਕਾਂ ਦੀ ਸਿਹਤ ਨੂੰ ਵੀ ਤੰਦਰੁਸਤ ਕੀਤਾ ਜਾ ਸਕੇ ।
ਮੀਟਿੰਗ ਵਿੱਚ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਅਨਿੱਲ ਗਰਗ ਅਤੇ ਸਿੱਖਿਆ , ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ , ਬ੍ਰਹਮਕੁਮਾਰੀ , ਜਨਹਿਤ ਸਮਿਤੀ , ਪਤੰਜਲੀ ਯੋਗ ਸਮਿਤੀ ਆਦਿ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤਿਨਿੱਧੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।

