ਪਟਿਆਲਾ

ਪੰਜਾਬੀ ‘ਵਰਸਿਟੀ ਵਿਖੇ ਗ੍ਰੈਜ਼ੂਏਸ਼ਨ ਕੋਰਸਾਂ ਦੇ ਦਾਖਲੇ ਲਈ ਆਨ-ਲਾਈਨ ਪੋਰਟਲ ਸ਼ੁਰੂ

ਪਟਿਆਲਾ 20 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੇ ਨਾਲ ਸੰਬੰਧਤਾ ਰੱਖਣ ਵਾਲੇ ਸਮੁੱਚੇ ਕਾਲਜਾਂ ਵਿਚਲੇ 2018-19 ਸੈਸ਼ਨ ਦੇ ਗ੍ਰੈਜ਼ੂਏਸ਼ਨ ਕੋਰਸਾਂ ਦੇ ਦਾਖਲੇ ਲਈ ਆਨ-ਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਆਨਲਾਈਨ ਪੋਰਟਲ ਦਾ ਉਦਘਾਟਨ ਸਿੰਡੀਕੇਟ ਰੂਮ ਵਿਖੇ ਡਾ. ਜੀ. ਐੱਸ. ਬੱਤਰਾ, ਡੀਨ ਅਕਾਦਮਿਕ ਮਾਮਲੇ, ਜੋ ਕਿ ਇਸ ਸਮੇਂ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਦੇ ਵਿਦੇਸ਼ ਫੇਰੀ ਤੇ ਹੋਣ ਕਾਰਨ ਕਾਰਜਕਾਰੀ ਉਪ ਕੁਲਪਤੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ, ਵੱਲੋਂ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਡਾ. ਮਨਜੀਤ ਸਿੰਘ ਨਿੱਜਰ, ਰਜਿਸਟਰਾਰ, ਡਾ. ਕੁਲਬੀਰ ਸਿੰਘ ਢਿੱਲੋਂ, ਡੀਨ ਕਾਲਜ ਵਿਕਾਸ ਕੌਂਸਲ, ਡਾ. ਕੰਵਲਜੀਤ ਸਿੰਘ, ਕੋਆਰਡੀਨੇਟਰ ਆਨ-ਲਾਈਨ ਪੋਰਟਲ, ਡਾ. ਸਤਨਾਮ ਸਿੰਘ ਸੰਧੂ, ਕੋ-ਕੋਆਰਡੀਨੇਟਰ, ਸ਼੍ਰੀ ਦਲਬੀਰ ਸਿੰਘ, ਇੰਚਾਰਜ਼ ਆਨਲਈਨ ਪੋਰਟਲ ਵੱਲੋਂ ਵੀ ਸ਼ਿਰਕਤ ਕੀਤੀ ਗਈ। ਡੀਨ, ਅਕਾਦਮਿਕ ਮਾਮਲੇ ਡਾ. ਜੀ.ਐੱਸ. ਬੱਤਰਾ ਵੱਲੋਂ ਇਸ ਪੋਰਟਲ ਸੰਬੰਧੀ ਸ਼ੰਤੁਸਟੀ ਪ੍ਰਗਟਾਉਂਦਿਆਂ ਕਿਹਾ ਗਿਆ ਅਜਿਹਾ ਕਰਨ ਨਾਲ ਵਿਦਿਆਰਥੀਆਂ ਨੂੰ ਸਿੱਧੇ ਰੂਪ ਵਿਚ ਇਹ ਲਾਭ ਹੋਵੇਗਾ ਕਿ ਉਨ੍ਹਾਂ ਨੂੰ ਵਖ-ਵਖ ਕਾਲਜਾਂ ਵਿਚ ਘੁੰਮਣ ਦੀ ਬਜਾਏ ਇਕ ਜਗ੍ਹਾ ਬੈਠ ਕੇ ਹੀ 10 ਕਾਲਜਾਂ ਵਿਚ ਦਾਖਲਾ ਅਰਜੀ ਦੇਣ ਦੀ ਸਹੂਲਤ ਮਿਲ ਜਾਵੇਗੀ। ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਕਿਹਾ ਗਿਆ ਕਿ ਇਸ ਪ੍ਰਕਿਰਿਆ ਰਾਹੀਂ ਵਿਦਿਆਰਥੀਆਂ ਦੇ ਨਾਮ, ਪਤੇ ਆਦਿ ਵਿਚ ਹੋਣ ਵਾਲੀਆਂ ਗਲਤੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਪੋਰਟਲ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਪੋਰਟਲ 21 ਜੂਨ 2018 ਤੋਂ 22 ਜੂਨ 2018 ਤਕ ਦੋ ਦਿਨ ਲਈ ਕਾਲਜਾਂ ਲਈ ਖੋਲ੍ਹਿਆ ਜਾਣਾ ਹੈ, ਤਾਂ ਜੋ ਕੋਈ ਵੀ ਕਾਲਜ ਜੇ ਕਿਸੇ ਭਾਗ ਵਿਚ ਕੋਈ ਸੋਧ ਕਰਵਾਉਣ ਦਾ ਇੱਛੁਕ ਹੋਵੇ ਤਾਂ ਉਹ ਇਨ੍ਹਾਂ ਦਿਨਾਂ ਵਿਚ ਕਰਵਾ ਸਕਦਾ ਹੈ। ਇਸ ਉਪਰੰਤ 23 ਜੂਨ 2018 ਤੋਂ ਇਹ ਪੋਰਟਲ ਦਾਖਲੇ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਡਾ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਵਿਦਿਆਰਥੀ ਨੂੰ ਆਪਣੀ ਪਸੰਦ ਮੁਤਾਬਿਕ 10 ਕਾਲਜਾਂ ਵਿਚ ਦਾਖਲੇ ਦੀ ਅਰਜ਼ੀ ਦੇਣ ਦੀ ਸੁਵਿਧਾ ਹੋਵੇਗੀ। ਵਿਦਿਆਰਥੀ ਆਪਣੀ ਮੈਰਿਟ ਅਤੇ ਕਾਲਜਾਂ ਦੀਆਂ ਸੀਟਾਂ ਅਨੁਸਾਰ ਕਿਸੇ ਵੀ ਕਾਲਜ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਆਨ-ਲਾਈਨ ਪ੍ਰਕਿਰਿਆ ਉਪਰੰਤ ਵਿਦਿਆਰਥੀ ਨੂੰ ਸੰਬੰਧਤ ਕਾਲਜ ਵਿਚ ਨਿੱਜੀ ਤੌਰ ਤੇ ਸੰਪਰਕ ਬਣਾਉਣਾ ਪਵੇਗਾ।

Leave a Reply

Your email address will not be published. Required fields are marked *