ਐਨਆਈਐਸ ‘ਚ ਯੋਗ ਦਿਵਸ ਮੌਕੇ ਬਜ਼ੁਰਗਾਂ, ਬੱਚਿਆਂ, ਨੌਜਵਾਨਾਂ ਅਤੇ ਖਿਡਾਰੀਆਂ ਨੇ ਕੀਤੇ ਯੋਗ ਆਸਣ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਦੇਸ਼ ਭਰ ‘ਚ ਮਨਾਏ ਜਾ ਰਹੇ ਕੌਮਾਂਤਰੀ ਯੋਗ ਦਿਵਸ ਤਹਿਤ ਅੱਜ ਐਨ.ਆਈ.ਐਸ. ਵਿਖੇ ਯੋਗਾ ਦਿਵਸ ਯੋਗ ਕਿਰਿਆਵਾਂ ਕਰਕੇ ਮਨਾਇਆ ਗਿਆ। ਇਸ ਯੋਗ ਦਿਵਸ ਦੌਰਾਨ ਜਿਥੇ ਵੱਡੀ ਗਿਣਤੀ ‘ਚ ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਉਥੇ ਯੋਗ ਅਭਿਆਸ ਕਰਨ ਦੀ ਸਿੱਖਿਆ ਯੋਗ ਅਧਿਆਪਕਾਂ ਵੱਲੋਂ ਹਾਸਲ ਕੀਤੀ ਗਈ।
ਐਨਆਈਐਸ ਵਿਖੇ ਯੋਗ ਦਿਵਸ ‘ਚ ਹਿੱਸਾ ਲੈਣ ਲਈ ਵਿਦੇਸ਼ੀ ਵੀ ਪਿੱਛੇ ਨਾ ਰਹੇ, ਜਿਥੇ ਅੱਜ ਯੋਗ ਦਿਵਸ ਦੌਰਾਨ ਯੋਗ ਆਸਣ ਕਰਕੇ ਰੋਜ਼ਾਨਾ ਯੋਗ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਅਤੇ ਸਮਾਜਕ ਗਤੀਵਿਧੀਆਂ ‘ਚ ਵੱਧ ਚੜ੍ਹਕੇ ਹਿੱਸਾ ਲੈਣ ਵਾਲੇ ਬਿਕਰਮਜੀਤ ਸਿੰਘ ਨੇ ਯੋਗ ਆਸਣ ਕੀਤੇ ਅਤੇ ਯੋਗ ਦੀ ਮਹੱਤਤਾ ਬਾਰੇ ਸਾਰਿਆਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਯੋਗ ਆਸਣਾਂ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਜੇ ਯੋਗ ਨੂੰ ਆਪਣੇ ਜੀਵਨ ‘ਚ ਧਾਰਨ ਕਰਕੇ ਰੋਜ਼ਾਨਾ ਯੋਗ ਆਸਣ ਧਾਰਨ ਕਰ ਲਵੇ ਤਾਂ ਸਰੀਰ ਨੂੰ ਰੋਗ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਪ੍ਰੇਰਨਾ ਦਿੱਤੀ ਕਿ ‘ਯੋਗ ਅਪਣਾਓ ਰੋਗ ਭਜਾਓ’ ਤਹਿਤ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਅ ਲਈ ਦਵਾਈ ਰਹਿਤ ਹੋਣ ਲਈ ਯੋਗ ਜੀਵਨ ‘ਚ ਧਾਰਨ ਕਰ ਹੀ ਲੈਣਾ ਚਾਹੀਦਾ ਹੈ।

