ਮਾਈਨਿੰਗ ਮਾਫੀਆ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ: ਪਵਨ ਗੁਪਤਾ
ਪਟਿਆਲਾ, 21 ਜੂਨ (ਮਧੂਸਾਰ ਬਿਊਰੋ) ਸੂਬੇ ਵਿੱਚ ਚਾਹੇ ਸਰਕਾਰ ਬਦਲ ਗਈ ਹੈ ਪਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਪਹਿਲਾਂ ਵਾਂਗੂ ਹੀ ਬੁਲੰਦ ਹਨ।
ਇਸਦੀ ਤਾਜ਼ਾ ਮਿਸਾਲ ਅੱਜ ਰੂਪਨਗਰ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜਿਨ੍ਹਾਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਉੱਤੇ ਹੋਏ ਮਾਈਨਿੰਗ ਮਾਫੀਆ ਵੱਲੋਂ ਕੀਤੇ ਹਮਲੇ ਨੇ ਸਾਫ ਜਾਹਰ ਕਰ ਦਿੱਤਾ ਹੈ। ਸ਼ਿਵਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਗੁਪਤਾ ਨੇ ਸਖ਼ਤ ਸ਼ਬਦਾਂ ਵਿੱਚ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਕੁ ਵੱਧ ਚੁਕੇ ਹਨ ਕਿ ਉਹਨਾਂ ਨੇ ਇਕ ਵਿਧਾਇਕ ਤੇ ਵੀ ਹਮਲੇ ਤੋਂ ਕੋਈ ਗੁਰੇਜ਼ ਨਹੀਂ ਕੀਤਾ। ਸ਼ਿਵਸੈਨਾ ਹਿੰਦੁਸਤਾਨ ਮੰਗ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਹੋਏ ਹਮਲੇ ਦੀ ਜੁਡੀਸ਼ੀਅਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸ਼੍ਰੀ ਗੁਪਤਾ ਨੇ ਅੱਗੋਂ ਕਿਹਾ ਕਿ ਸਰਕਾਰ ਨੇ ਵਿਧਾਇਕਾਂ ਨੂੰ ਦਿਤੀ ਹੋਈ ਸੁਰੱਖਿਆ ਦੇ ਹੱਥ ਬੰਨੇ ਹੋਏ ਹਨ ਕਿ ਵਿਧਾਇਕ ਤੇ ਹੁੰਦੇ ਹਮਲੇ ਦੇਖਕੇ ਵੀ ਸੁਰੱਖਿਆ ਕਰਮੀ ਨੇ ਦਿੱਤੇ ਅਸਲੇ ਦੀ ਵਰਤੋਂ ਨਹੀਂ ਕੀਤੀ। ਸ਼੍ਰੀ ਪਵਨ ਗੁਪਤਾ ਨੇ ਕਿਹਾ ਇੰਝ ਜਾਪਦਾ ਹੈ ਜੋ ਨਾਜਾਇਜ਼ ਮਾਈਨਿੰਗ ਦਾ ਧੰਦਾ ਚਲ ਰਿਹਾ ਹੈ ਉਸਨੂੰ ਪਹਿਲਾਂ ਵੀ ਸਿਆਸੀ ਹੱਲਾਸ਼ੇਰੀ ਸੀ ਅਤੇ ਸਰਕਾਰ ਬਦਲਣ ਦੇ ਬਾਵਜ਼ੂਦ ਉਹਨਾਂ ਤੇ ਸਿਆਸੀ ਸਰਪ੍ਰਸਤੀ ਕਾਇਮ ਹੈ। ਸ਼੍ਰੀ ਗੁਪਤਾ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਜੇਕਰ ਮਾਈਨਿੰਗ ਮਾਫੀਆ ਇੱਕ ਵਿਧਾਇਕ ਤੇ ਹਮਲਾ ਕਰ ਸਕਦਾ ਹੈ ਤਾਂ ਆਮ ਆਦਮੀ ਕਿਥੋਂ ਤੱਕ ਸੁਰੱਖਿਅਤ ਹੈ। ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਫੌਰੀ ਕਾਰਵਾਈ ਕਰਦੇ ਹੋਏ ਮਾਈਨਿੰਗ ਮਾਫੀਆ ਨੂੰ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਅਜਿਹੇ ਨਾਜਾਇਜ਼ ਕਾਰੋਬਾਰ ਬੰਦ ਹੋਣ।

