ਖੇਡ ਵਿਭਾਗ ਨੇ ਨੌਜਵਾਨਾਂ ਨੂੰ ਰਿਸ਼ਟ ਪੁਸ਼ਟ ਬਨਾਉਣ ਲਈ ਮੈਚ ਕਰਵਾਏ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਖੇਡ ਵਿਭਾਗ ਨੇ ਰਾਜ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਰਿਸ਼ਟ ਪੁਸ਼ਟ ਰੱਖਣ ਅਤੇ ਖੇਡਾਂ ਵੱਲ ਰੁਚਿਤ ਕਰਨ ਲਈ ਵੱਖ-ਵੱਖ ਖੇਡਾਂ ਦੇ ਮੁਕਾਬਲੇ ਲਗਾਤਾਰ ਕਰਵਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਦਾ ਖੇਡਾਂ ਵੱਲ ਰੁਚਿਤ ਹੋਣਾ ਅਹਿਮ ਸਥਾਨ ਰੱਖਦਾ ਹੈ, ਜਿਸ ਲਈ ਬੱਚਿਆਂ ਦੇ ਖੇਡ ਮੁਕਾਬਲੇ ਅਰੰਭੇ ਗਏ ਹਨ।
ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਪੋਲੋ ਗਰਾਊਂਡ ਵਿਖੇ ਹੁਣ ਤੱਕ ਹੈਂਡਬਾਲ, ਵਾਲੀਬਾਲ, ਫੁੱਟਬਾਵਲ ਤੇ ਹਾਕੀ ਦੇ ਮੈਚ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਪੋਲੋ ਗਰਾਊਂਡ ਵਿਖੇ ਹੀ 16 ਤੋਂ 30 ਜੂਨ ਤੱਕ ਸਮਰ ਕੈਂਪ ਵੀ ਚੱਲ ਰਿਹਾ ਹੈ ਜਿਥੇ ਵੱਖ-ਵੱਖ ਖੇਡਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖਿਡਾਰੀਆਂ ਦੇ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਮੈਚਾਂ ਲਈ ਤਿਆਰੀ ਵਜੋਂ ਵਿਸ਼ੇਸ਼ ਕਾਰਜਸ਼ਾਲਾ ਵੀ ਲਗਾਈ ਗਈ ਸੀ। ਜਦੋਂਕਿ ਅਮਰ ਹਸਪਤਾਲ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਹੇਠਾਂ ਹੀ ਇਨ੍ਹਾਂ ਖਿਡਾਰੀਆਂ ਦੀ ਸਿਹਤ ਦੀ ਜਾਂਚ ਲਈ ਕੈਂਪ ਵੀ ਲਾਇਆ ਜਾ ਚੁੱਕਾ ਹੈ।

