ਪਟਿਆਲਾ

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ

ਨਸ਼ੇ ਦੀ ਲਤ ਤੋਂ ਖਹਿੜਾ ਛੁਡਾਉਣ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦਾ ਲਾਭ ਉਠਾਉਣ ਦਾ ਸੱਦਾ
ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਤੋਂ ਇੱਕ ਸਾਲ ਦੇ ਅੰਕੜੇ ਹਾਸਲ ਕੀਤੇ
ਪਟਿਆਲਾ, 2 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ. ਐਸ. ਭੂਪਤੀ ਨੇ ਸਾਕੇਤ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮਾਡਲ ਨਸ਼ਾ ਮੁਕਤੀ ਕੇਂਦਰ ਦਾ ਅੱਜ ਸ਼ਾਮ ਅਚਨਚੇਤ ਦੌਰਾ ਕੀਤਾ।

ਇਸ ਤੋਂ ਪਹਿਲਾਂ ਸ੍ਰੀ ਕੁਮਾਰ ਅਮਿਤ ਨੇ ਐਸ.ਐਸ.ਪੀ. ਡਾ. ਭੂਪਤੀ ਸਮੇਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਅਤੇ ਜ਼ਿਲ੍ਹੇ ‘ਚ ਨਸ਼ਿਆਂ ਦੀ ਸਪਲਾਈ ਲਾਇਨ ਤੋੜਨ, ਨਸ਼ਿਆਂ ਦੇ ਕਾਰੋਬਾਰ ‘ਚ ਲੱਗੇ ਤਸਕਰਾਂ ਨੂੰ ਨੱਥ ਪਾਉਣ ਸਮੇਤ ਨਸ਼ਾ ਮੁਕਤੀ ਕੇਂਦਰਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਜ਼ਿਲ੍ਹੇ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਖੇ ਇੱਕ ਸਾਲ ਦੌਰਾਨ ਇਲਾਜ ਕਰਵਾਉਣ ਵਾਲਿਆਂ ਦੇ ਅੰਕੜੇ ਵੀ ਹਾਸਲ ਕੀਤੇ।
ਸ੍ਰੀ ਕੁਮਾਰ ਅਮਿਤ ਨੇ ਪਹਿਲਾਂ ਬਡੂੰਗਰ ਸਥਿਤ ਪੰਜਾਬ ਰੈਡ ਕਰਾਸ ਸਾਕੇਤ ਹਸਪਤਾਲ ਅਤੇ ਜ਼ਿਲ੍ਹਾ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਨ ਮੌਕੇ ਉਥੇ ਦਾਖਲ ਨਸ਼ਿਆਂ ਤੋਂ ਖਹਿੜਾ ਛੁਡਾਉਣ ਵਾਲੇ ਮਰੀਜਾਂ ਦੇ ਇਲਾਜ ਸਮੇਤ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਇਥੇ ਦਾਖਲ 35 ਮਰੀਜ ਤੇ ਪੰਜਾਬ ਸਰਕਾਰ ਦੇ ਓਟ ਕਲਿਨਿਕ (ਓ.ਓ.ਏ.ਟੀ.) ਤਹਿਤ ਰੋਜ਼ਾਨਾ ਨਸ਼ਿਆਂ ਦੀ ਲਤ ਦੇ ਇਲਾਜ ਲਈ ਆਉਂਦੇ 45 ਮਰੀਜਾਂ ਵੱਲੋਂ ਨਸ਼ਾ ਛੱਡੇ ਜਾਣ ਦੀ ਪ੍ਰਗਤੀ ਰਿਪੋਰਟ ਦਾ ਵੀ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਜਿੰਦਰਾ ਹਸਪਤਾਲ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਵਿਖੇ ਦਾਖਲ 13 ਮਰੀਜਾਂ ਦਾ ਹਾਲ ਚਾਲ ਜਾਣਿਆਂ ਅਤੇ ਇਥੇ ਤਾਇਨਾਤ ਡਾ. ਅਦਿਤੀ ਸਿੰਗਲਾ ਤੋਂ ਰਿਪੋਰਟ ਹਾਸਲ ਕੀਤੀ।
ਇਸੇ ਦੌਰਾਨ ਸਾਕੇਤ ਹਸਪਤਾਲ ਵਿਖੇ ਪੁਲਿਸ ਵੱਲੋਂ ਇਲਾਜ ਲਈ ਲਿਆਂਦੇ ਗਏ ਇੱਕ ਨੌਜਵਾਨ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਸ ਤੋਂ ਨਸ਼ੇ (ਹੈਰੋਇਨ) ਦੀ ਗ੍ਰਿਫ਼ਤ ‘ਚ ਆਉਣ ਦਾ ਕਾਰਨ ਜਾਣਿਆਂ। ਉਸ ਨੌਜਵਾਨ ਨੇ ਆਪਣੀ ਘਰੇਲੂ ਹਾਲਤ ਦਾ ਬਿਆਨ ਕਰਦਿਆਂ ਦੱਸਿਆ ਕਿ ਉਸਨੂੰ ਪਹਿਲਾਂ ਹੈਰੋਇਨ ਮੁਫ਼ਤ ਪਿਲਾ ਕੇ ਨਸ਼ੇ ਦੀ ਲਤ ਲਾਈ ਤੇ ਹੁਣ ਉਹ ਇਸ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ ਅਤੇ ਜਿਹੜੇ ਉਸਨੂੰ ਆਪਣੇ ਨਿਜੀ ਮੁਫ਼ਾਦਾਂ ਕਰਕੇ ਨਸ਼ਾ ਵੇਚਦੇ ਸਨ, ਉਨ੍ਹਾਂ ਨੂੰ ਸਜਾ ਵੀ ਦਿਵਾਉਣਾ ਚਾਹੁੰਦਾ ਹੈ ਤਾਂ ਕਿ ਹੋਰਨਾਂ ਨੌਜਵਾਨਾਂ ਦੀ ਜਿੰਦਗੀ ਖਰਾਬ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਇਸ ਨੌਜਵਾਨ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਉਸ ਦਾ ਨਸ਼ਾ ਜਰੂਰ ਛੁਟ ਜਾਵੇਗਾ ਤੇ ਉਹ ਮੁੜ ਤੋਂ ਇੱਕ ਚੰਗੇ ਨਾਗਰਿਕ ਦੀ ਜਿੰਦਗੀ ਜਿਉਂ ਸਕੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨਸ਼ੇ ਦੀ ਗ੍ਰਿਫ਼ਤ ‘ਚ ਜਕੜੇ ਤੇ ਹੁਣ ਇਸ ਤੋਂ ਖਹਿੜਾ ਛੁਡਾਉਣ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਅਤੇ ਤੰਦਰੁਸਤ ਕਰਨਾ ਚਾਹੁੰਦੀ ਹੈ, ਜਿਸ ਲਈ ਆਮ ਲੋਕਾਂ ਨੂੰ ਨਸ਼ਿਆਂ ਦੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਆਪਣਾ ਸਾਥ ਦੇਣਾ ਚਾਹੀਦਾ ਹੈ। ਸ੍ਰੀ ਅਮਿਤ ਨੇ ਨਾਲ ਹੀ ਕਿਹਾ ਕਿ ਨੌਜਵਾਨ ਆਪਣਾ ਭਵਿੱਖ ਸੰਵਾਰਨ ਲਈ ਮਿਹਨਤ ਕਰਨ ਨਾ ਕਿ ਨਸ਼ਿਆਂ ਦੇ ਰਾਹ ‘ਤੇ ਚੱਲਣ।

Leave a Reply

Your email address will not be published. Required fields are marked *