ਕੈਲਾਸ਼ ਮਾਨਸਰੋਵਰ ਦੀ ਤੀਰਥਯਾਤਰਾ ਤੋਂ ਪਰਤ ਰਹੇ 1500 ਭਾਰਤੀ ਸ਼ਰਧਾਲੂ ਨੇਪਾਲ ਵਿਚ ਫਸੇ
ਕਾਠਮੰਡੂ 3 ਜੁਲਾਈ (ਮਧੂਸਾਰ ਬਿਊਰੋ) ਤਿੱਬਤ ਦੇ ਕੈਲ਼ਾਸ਼ ਮਾਨਸਰੋਵਰ ਦੀ ਤੀਰਥਯਾਤਰਾ ਤੋਂ ਪਰਤ ਰਹੇ 1500 ਭਾਰਤੀ ਖਰਾਬ ਮੌਸਮ ਅਤੇ ਭਾਰੀ ਵਰਖਾ ਕਾਰਨ ਨੇਪਾਲ ਵਿਚ ਫਸ ਗਏ ਹਨ। ਇਥੇ ਸਥਿਤ ਭਾਰਤੀ ਸਫਾਰਤਖਾਨੇ ਨੇ ਇਕ ਬਿਆਨ ਵਿਚ ਦੱਸਿਆ ਕਿ ਤਕਰੀਬਨ 525 ਭਾਰਤੀ ਸ਼ਰਧਾਲੂ ਹਮਲਾ ਜ਼ਿਲੇ ਦੇ ਸਿਮੀਕੋਟ ਵਿਚ 550 ਹਿਲਸਾ ਵਿਚ ਅਤੇ ਹੋਰ ਤਿੱਬਤ ਦੇ ਇਲਾਕਿਆਂ ਵਿਚ ਹੀ ਫਸੇ ਹੋਏ ਹਨ।
ਬਿਆਨ ਵਿਚ ਦੱਸਿਆ ਗਿਆ ਹੈ ਕਿ ਸਫਾਰਤਖਾਨਾ ਕੈਲਾਸ਼ ਮਾਨਸਰੋਵਰ ਯਾਤਰਾ (ਨੇਪਾਲ ਰਾਹੀਂ) ਦੇ ਨੇਪਾਲਗੰਜ-ਸਿਮੀਕੋਟ-ਹਿਲਸਾ ਮਾਰਗ ਨੇੜੇ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਖਰਾਬ ਮੌਸਮ ਕਾਰਨ ਜਹਾਜ਼ਾਂ ਦੀ ਆਵਾਜਾਈ ਦੀ ਸੰਭਾਵਨਾ ਬਹੁਤ ਘੱਟ ਹੈ। ਸਫਾਰਤਖਾਨੇ ਨੇ ਦੱਸਿਆ ਕਿ ਉਸ ਨੇ ਨੇਪਾਲਗੰਜ ਅਤੇ ਸਿਮੀਕੋਟ ਵਿਚ ਆਪਣੇ ਪ੍ਰਤੀਨਿਧੀ ਤਾਇਨਾਤ ਕੀਤੇ ਹੋਏ ਹਨ, ਜਿਹੜੇ ਕਿ ਫਸੇ ਹੋਏ ਤੀਰਥਯਾਤਰੀਆਂ ਨਾਲ ਵਿਅਕਤੀਗਤ ਤੌਰ ‘ਤੇ ਸੰਪਰਕ ਵਿਚ ਹਨ। ਉਹ ਯਕੀਨੀ ਕਰ ਰਹੇ ਹਨ ਕਿ ਸ਼ਰਧਾਲੂਆਂ ਨੂੰ ਖਾਣ ਅਤੇ ਰੁਕਣ ਲਈ ਭਰਪੂਰ ਸਹੂਲਤ ਮੁਹੱਈਆ ਹੋ ਰਹੀ ਹੈ।
ਉਨ੍ਹਾਂ ਨੂੰ ਕਿਹਾ ਹੈ ਕਿ ਉਹ ਹਿਲਸਾ ਵਿਚ ਸਥਿਤੀਆਂ ਨਾਲ ਨਜਿੱਠਣ ਨੂੰ ਪਹਿਲ ਦੇਣ ਜਿਸ ਦਾ ਬੁਨਿਆਦੀ ਢਾਂਚਾ ਦੂਜੇ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਝੁਕਿਆ ਹੋਇਆ ਹੈ। ਨਾਲ ਹੀ ਸਫਾਰਤਖਾਨੇ ਨੇ ਸਾਰੇ ਯਾਤਰਾ ਸੰਚਾਲਕਾਂ ਨੂੰ ਆਖਿਆ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਤੀਰਥਯਾਤਰੀਆਂ ਨੂੰ ਜਿਥੋਂ ਤੱਕ ਸੰਭਵ ਹੋ ਸਕੇ ਤਿੱਬਤ ਤੋਂ ਰੋਕਣ ਦੀ ਕੋਸ਼ਿਸ਼ ਕਰਨ ਕਿਉਂਕਿ ਨੇਪਾਲ ਵਿਚ ਡਾਕਟਰੀ ਅਤੇ ਨਗਰ ਸਹੂਲਤਾਂ ਬਹੁਤ ਘੱਟ ਹਨ। ਭਾਰਤ ਨੇ ਵੀ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਨੇਪਾਲ ਸਰਕਾਰ ਤੋਂ ਫੌਜ ਨੂੰ ਹੈਲੀਕਾਪਟਰ ਸੇਵਾਵਾਂ ਦੇਣ ਦੀ ਅਪੀਲ ਕੀਤੀ ਹੈ।

