ਐਸ. ਟੀ.ਐਫ. ਅਧਿਕਾਰੀਆਂ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਾਏ
ਮੁੱਖ ਮੰਤਰੀ ਵੱਲੋਂ ਡੋਪ ਟੈਸਟ ਕਰਵਾਉਣ ਦੇ ਫੈਸਲੇ ਦੀ ਸ਼ਲਾਘਾ
ਪਟਿਆਲਾ, 5 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਪੁਲਿਸ ਦੇ ਨਸ਼ਿਆਂ ਵਿਰੋਧੀ ਵਿਸ਼ੇਸ਼ ਦਸਤੇ ਐਸ.ਟੀ.ਐਫ਼ ਦੇ ਦੋ ਅਧਿਕਾਰੀਆਂ ਨੇ ਅੱਜ ਇਥੇ ਆਪਣੇ ਜਨਮ ਦਿਨ ਨੂੰ ਮਨਾਉਂਦਿਆਂ ਜਿਥੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੂਟੇ ਲਾਏ ਉਥੇ ਹੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਨੂੰ ਸਫ਼ਲ ਬਨਾਉਣ ਦਾ ਅਹਿਦ ਵੀ ਲਿਆ।
ਸੂਬਾ ਸਰਕਾਰ ਦੀ ਆਈ ਹਰਿਆਲੀ ਮੁਹਿੰਮ ਤਹਿਤ ਬੂਟੇ ਲਾਉਣ ਸਮੇਂ ਐਸ.ਟੀ.ਐਫ. ਦੇ ਐਸ.ਪੀ. ਸੰਗਰੂਰ ਕੈਂਪ ਆਫ਼ਿਸ ਪਟਿਆਲਾ ਸ. ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਹਰਬੰਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਅੰਦਰ ਨਸ਼ਿਆਂ ਵਿਰੋਧੀ ਚਲਾਈ ਜੰਗ ਨੂੰ ਸਫ਼ਲ ਬਨਾਉਣ ਲਈ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਵੀ ਸ਼ਲਾਘਾ ਕੀਤੀ।
ਐਸ.ਪੀ. ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਹਰਬੰਤ ਕੌਰ ਨੇ ਕਿਹਾ ਕਿ ਇਹ ਇੱਕ ਸੰਯੋਗ ਹੀ ਹੈ ਕਿ ਉਨ੍ਹਾਂ ਦੋਵਾਂ ਦੇ ਜਨਮ ਦਿਨ ਇੱਕੋ ਦਿਨ ਆਏ ਹਨ, ਇਸ ਲਈ ਉਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਲਈ ਜਿੱਥੇ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਕਰਨ ਅਤੇ ਸੂਬੇ ਨੂੰ ਤੰਦਰੁਸਤ ਬਨਾਉਣ ਲਈ ਨਸ਼ਾ ਮੁਕਤ ਕਰਨ ਦੇ ਯਤਨਾਂ ਨੂੰ ਹੋਰ ਤੇਜ ਕਰਨ ਦਾ ਵੀ ਅਹਿਦ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਰਕਾਰੀ ਮੁਲਾਜਮਾਂ ਦੇ ਡੋਪ ਟੈਸਟ ਕਰਵਾਉਣ ਦੇ ਲਿਆ ਗਿਆ ਫੈਸਲਾ ਚੰਗੇ ਨਤੀਜੇ ਲੈ ਕੇ ਆਵੇਗਾ, ਜਿਸ ਦਾ ਉਹ ਸਵਾਗਤ ਕਰਦੇ ਹਨ ਤੇ ਇਸ ਦੀ ਸ਼ੁਰੂਆਤ ਐਸ.ਟੀ.ਐਫ. ਪਟਿਆਲਾ ਰੇਂਜ ਤੋਂ ਸ਼ੁਰੂ ਕੀਤੀ ਜਾਵੇ।
ਇਸ ਮੌਕੇ ਐਸ.ਆਈ. ਗੁਰਮੁੱਖ ਸਿੰਘ, ਏ.ਐਸ.ਆਈ. ਜਸਵੰਤ ਸਿੰਘ, ਡਾ. ਧਰਮਿੰਦਰ ਕੌਸ਼ਲ, ਹੌਲਦਾਰ ਅਮਨਦੀਪ ਸਿੰਘ, ਹਰਪ੍ਰੀਤ ਕੌਰ, ਕੁਲਦੀਪ ਕੌਰ, ਅਲਫ਼ ਸਾਹਨੀ, ਮਹਿੰਦਰ ਕੁਮਾਰ, ਵਰਿੰਦਰ ਸਿੰਘ ਅਤੇ ਐਸ.ਟੀ.ਐਫ਼ ਦੇ ਹੋਰ ਮੁਲਾਜਮ ਮੌਜੂਦ ਸਨ।

