ਪਟਿਆਲਾ

ਸਰਕਾਰੀ ਮੈਡੀਕਲ ਕਾਲਜ ‘ਚ ਰੈਗਿੰਗ ਵਿਰੋਧੀ ਦਸਤਿਆਂ ਦਾ ਗਠਨ

ਹੈਲਪ ਲਾਈਨ ਨੰਬਰ ਵੀ ਜਾਰੀ
ਰੈਗਿੰਗ ਲਈ ਦੋਸ਼ੀ ਪਾਏ ਜਾਣ ‘ਤੇ ਕਾਲਜ ਚੋਂ ਦਾਖਲਾ ਹੋਵੇਗਾ ਰੱਦ
ਪਟਿਆਲਾ, 5 ਜੁਲਾਈ (ਮਧੂਸਾਰ ਬਿਊਰੋ) ਵਿਦਿਅਕ ਸੰਸਥਾਵਾਂ ‘ਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਨਾਲ ਪੁਰਾਣੇ ਵਿਦਿਆਰਥੀਆਂ ਵੱਲੋਂ ਰੈਗਿੰਗ ਦੇ ਨਾਂ ‘ਤੇ ਕੀਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਦੁਰ ਵਿਵਹਾਰ ਨੂੰ ਠੱਲ੍ਹ ਪਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਯੂ.ਜੀ.ਸੀ. ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਮੈਡੀਕਲ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਦੇ ਚੇਅਰਮੈਨ-ਕਮ-ਪ੍ਰਿੰਸੀਪਲ ਡਾ: ਬੀ.ਐੋਸ. ਸਿੱਧੂ ਦੀ ਅਗਵਾਈ ਹੇਠ ਮੀਟਿੰਗ ਹੋਈ।

ਮੀਟਿੰਗ ਦੌਰਾਨ ਨਵੇਂ ਵਿਦਿਆਰਥੀਆਂ ਨੂੰ ਰੈਗਿੰਗ ਤੋਂ ਬਚਾਉਣ, ਹੋਸਟਲਾਂ ਤੇ ਕਾਲਜ ‘ਤੇ ਤਿੱਖੀ ਨਜ਼ਰ ਰੱਖਣ ਅਤੇ ਇਸ ਸਬੰਧੀ ਜਾਗਰੂਕ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਐਂਟੀ ਰੈਗਿੰਗ ਸਕੂਐਡ ਗਠਿਤ ਕੀਤੇ ਗਏ ਅਤੇ ਇਸ ਸਟਾਫ਼ ਨੂੰ ਮੈਡੀਕਲ ਕਾਲਜ, ਹਸਪਤਾਲ ਕੰਪਲੈਕਸ, ਲੜਕਿਆਂ ਅਤੇ ਲੜਕੀਆਂ ਦੇ ਹੋਸਟਲ ‘ਤੇ ਵਿਸ਼ੇਸ਼ ਨਜ਼ਰ ਰੱਖਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਕਾਲਜ, ਹਸਪਤਾਲ ਅਤੇ ਹੋਸਟਲਾਂ ਦੇ ਨੋਟਿਸ ਬੋਰਡਾਂ ‘ਤੇ ਐਂਟੀ ਰੈਗਿੰਗ ਸੁਕੈਅਡ ਅਤੇ ਐਂਟੀ ਰੈਗਿੰਗ ਕਮੇਟੀ ਦੇ ਮੈਂਬਰਾਂ ਤੇ ਉਹਨਾਂ ਦੇ ਫੋਨ ਨੰਬਰਾਂ ਦੀਆਂ ਸੂਚੀਆਂ ਲਗਾਉਣ ਬਾਰੇ ਫ਼ੈਸਲਾ ਕੀਤਾ ਗਿਆ। ਡਾ: ਸਿੱਧੂ ਨੇ ਦੱਸਿਆ ਕਿ ਰੈਗਿੰਗ ‘ਤੇ ਤਿੱਖੀ ਨਜ਼ਰ ਰੱਖਣ ਲਈ ਐਂਟੀ ਰੈਗਿੰਗ ਸਕੂਐਡ ਤੇ ਐਂਟੀ ਰੈਗਿੰਗ ਕਮੇਟੀ ਦੇ ਮੈਂਬਰਾਂ ਦੇ ਇੱਕ ਵਟਸਅਪ ਗਰੁੱਪ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਰੈਗਿੰਗ ਵਰਗੀ ਕਿਸੇ ਵੀ ਹਰਕਤ ਦੀ ਤੁਰੰਤ ਸੂਚਨਾ ਮਿਲ ਸਕੇ।
ਡਾ: ਸਿੱਧੂ ਨੇ ਦੱਸਿਆ ਕਿ ਨਵੇਂ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਵੀ ਇੱਕ ਬਰਾਡਕਾਸਟ ਗਰੁੱਪ ਬਣਾਇਆ ਜਾਵੇਗਾ ਤਾਂ ਕਿ ਸਮੇਂ-ਸਮੇਂ ‘ਤੇ ਉਹਨਾਂ ਨੂੰ ਕਾਲਜ ਦੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਪਤਾ ਲੱਗ ਸਕੇ। ਪ੍ਰਿੰਸੀਪਲ ਡਾ: ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਇੱਕ ਹੈਲਪ ਲਾਈਨ 1800-180-5522 ‘ਤੇ ਵੀ ਰੈਗਿੰਗ ਪੀੜ੍ਹਤ ਵਿਦਿਆਰਥੀ ਸੂਚਿਤ ਕਰ ਸਕਦੇ ਹਨ ਜਾਂ ਇਸ ਤੋਂ ਇਲਾਵਾ ਪੁਲਿਸ ਕੰਟਰੋਲ ਨੰਬਰ 098764-32100 ਅਤੇ 100 ਨੰਬਰ ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ।
ਪ੍ਰਿੰਸੀਪਲ ਡਾ: ਬੀ.ਐਸ.ਸਿੱਧੂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਅਤੇ ਰੈਗਿੰਗ ਦੇ ਨਾਂ ‘ਤੇ ਹੋਣ ਵਾਲੇ ਦੁਰਵਿਵਹਾਰ ਤੋਂ ਬਚਣ ਲਈ ਕਾਲਜ ਦੇ ਮਾਹੌਲ ‘ਚ ਰਚ-ਮਿਚ ਜਾਣ ਲਈ ਸਮਾਂ ਦਿੰਦਿਆਂ ਕਾਲਜ ਦੀਆਂ ਉਪਰਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ 1 ਅਗਸਤ ਤੋਂ 10 ਅਗਸਤ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰਜਿੰਦਰਾ ਹਸਪਤਾਲ ਦੀ ਪੁਲਿਸ ਚੌਂਕੀ ਨੂੰ ਵਿਸ਼ੇਸ਼ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ। ਉਹਨਾਂ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਰੈਗਿੰਗ ਵਰਗੀ ਕਿਸੇ ਵੀ ਸ਼ਰਾਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਕਿਸੇ ਸ਼ਰਾਰਤ ਕਰਦੇ ਪਾਏ ਗਏ ਵਿਦਿਆਰਥੀ ਵਿਰੁੱਧ ਸਖਤ ਅਨੁਸ਼ਾਸ਼ਨੀ ਕਾਰਵਾਈ ਕਰਦਿਆਂ ਉਸ ਦਾ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ। ਇਸ ਮੌਕੇ ਐਂਟੀ ਰੈਗਿੰਗ ਕਮੇਟੀ ਦੇ ਕਾਲਜ ਫੈਕੱਲਟੀ ਨਾਲ ਸਬੰਧਤ ਮੈਂਬਰਾਂ ਵਿੱਚੋਂ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਐਸੋਸੀਏਟ ਪ੍ਰੋਫੈਸਰ ਡਾ: ਕੇ.ਡੀ. ਸਿੰਘ, ਕਾਲਜ ਦੇ ਵਾਇਸ ਪ੍ਰਿੰਸੀਪਲ ਡਾ: ਹਰਜਿੰਦਰ ਸਿੰਘ, ਸਹਾਇਕ ਪ੍ਰੋਫੈਸਰ ਡਾ: ਰੁਪਿੰਦਰ ਕੌਰ, ਡਾ: ਉਸ਼ਾ ਛਾਬੜਾ, ਡਾ: ਅਸ਼ਵਨੀ ਕੁਮਾਰ, ਡਾ: ਦਿਨੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ: ਇਸ਼ਵਿੰਦਰ ਸਿੰਘ ਗਰੇਵਾਲ, ਸ: ਜਸਪਾਲ ਸਿੰਘ ਢਿੱਲੋਂ, ਸ਼੍ਰੀ ਸੁਰੇਸ਼ ਕਾਮਰਾ, ਐਸ.ਐਚ.ਓ ਸਿਵਲ ਲਾਇਨਜ਼ ਇੰਸਪੈਕਟਰ ਜਤਿੰਦਰ ਸਿੰਘ, ਰਜਿੰਦਰਾ ਹਸਪਤਾਲ ਪੁਲਿਸ ਚੌਂਕੀ ਦੇ ਇੰਚਾਰਜ ਸ਼੍ਰੀ ਜਪਨਾਮ ਸਿੰਘ ਤੇ ਐਂਟੀ ਰੈਗਿੰਗ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *