ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਜੜ੍ਹੋਂ ਪੁੱਟਾਂਗੇ-ਐਸ.ਐਸ.ਪੀ.
ਮਨਦੀਪ ਸਿੰਘ ਸਿੱਧੂ ਨੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 13 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਤਾਇਨਾਤ ਕੀਤੇ ਨਵੇਂ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਅੱਜ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਪਟਿਆਲਾ ਪੁਲਿਸ ਖਰ੍ਹਾ ਉਤਰੇਗੀ।
ਐਸ.ਐਸ.ਪੀ. ਨੇ ਜਿੱਥੇ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਲੱਗੇ ਲੋਕਾਂ ਨੂੰ ਇਹ ਕੰਮ ਤੁਰੰਤ ਬੰਦ ਕਰਨ ਦੀ ਤਾੜਨਾ ਕੀਤੀ ਹੈ ਉੱਥੇ ਹੀ ਸਮਾਜ ਵਿਰੋਧੀ ਅਨਸਰਾਂ ਨਾਲ ਹੋਰ ਸਖਤੀ ਨਾਲ ਨਿਪਟਣ ਦਾ ਸੰਕੇਤ ਵੀ ਦਿੱਤਾ। ਉਹਨਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਲਾਹਣਤ ਹੈ ਅਤੇ ਇਸ ਦੇ ਕਾਲੇ ਕਾਰੋਬਾਰ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ।
ਸਿੱਧੂ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਲੋਕਾਂ ਲਈ ਲੋਕਾਂ ਦੀ ਪੁਲਿਸ ਬਣ ਕੇ ਕੰਮ ਕਰਨਾ ਉਹਨਾਂ ਦੀ ਤਰਜ਼ੀਹ ਹੋਵੇਗੀ। ਐਸ.ਐਸ.ਪੀ. ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੰਗੇ ਨਾਗਰਿਕ, ਬੱਚੇ, ਲੜਕੀਆਂ ਤੇ ਔਰਤਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਨਵੇਂ ਐਸ.ਐਸ.ਪੀ. ਨੇ ਅੱਜ ਪੁਲਿਸ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੂਰੇ ਕੰਮ ਕਾਜ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਐਸ.ਐਸ.ਪੀ. ਨੇ ਚਾਰਜ ਸੰਭਾਲਣ ਮੌਕੇ ਐਸ.ਪੀ. ਹੈਡਕੁਆਟਰ ਸ਼੍ਰੀਮਤੀ ਕੰਵਰਦੀਪ ਕੌਰ, ਐਸ.ਪੀ. ਇਨਵੈਸਟੀਗੇਸ਼ਨ ਸ਼੍ਰੀ ਹਰਵਿੰਦਰ ਸਿੰਘ ਵਿਰਕ, ਐਸ.ਪੀ.ਐਸ.ਟੀ.ਐਫ. ਸ: ਮਨਜੀਤ ਸਿੰਘ ਬਰਾੜ, ਐਸ.ਪੀ. ਟਰੈਫਿਕ ਸ: ਅਮਰਜੀਤ ਸਿੰਘ ਘੁੰਮਣ ਐਸ.ਪੀ. ਸਿਟੀ ਸ਼੍ਰੀ ਕੇਸਰ ਸਿੰਘ ਅਤੇ ਜ਼ਿਲ੍ਹੇ ਦੇ ਸਮੂਹ ਡੀ.ਐਸ.ਪੀ. ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

