ਪਾਣੀ ਦੀ ਮਾਰ ਥੱਲੇ ਆਈਆਂ ਫ਼ਸਲਾਂ ਦੀ ਤੁਰੰਤ ਹੋਏ ਵਿਸ਼ੇਸ਼ ਗਿਰਦਾਵਰੀ-ਆਪ
ਕਰਜ਼ਾਈ ਕਿਸਾਨਾਂ ਦੀ ਜਮੀਨ ਵੱਲ ਦੇਖਣ ਦੀ ਵੀ ਹਿਮਾਇਤ ਨਾ ਕਰਨ ਬੈਂਕਾਂ ਵਾਲੇ- ਡਾ. ਬਲਬੀਰ ਸਿੰਘ
ਚੰਡੀਗੜ੍ਹ, 19 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿਚ ਮਾੜੇ ਡਰੇਨ (ਨਿਕਾਸੀ) ਪ੍ਰਬੰਧਾਂ ਅਤੇ ਪਾਣੀ ਦੇ ਕੁਦਰਤੀ ਵਹਾਵਾਂ ਉੱਤੇ ਨਜਾਇਜ਼ ਕਬਜ਼ਿਆਂ ਕਾਰਨ ਮੀਂਹ ਦੇ ਪਾਣੀਆਂ ਵਿਚ ਡੁੱਬੀ ਹਜ਼ਾਰਾਂ ਏਕੜ ਫ਼ਸਲਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਮੰਗੀ ਹੈ।
ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵੱਲੋਂ 6 ਜ਼ਿਲਿਆਂ ਦੇ 12 ਹਜ਼ਾਰ ਤੋਂ ਵੱਧ ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਵੇਚ ਕੇ ਕਰਜ਼ ਵਸੂਲਣ ਦੇ ਫ਼ੈਸਲੇ ਦਾ ਤਿੱਖਾ ਵਿਰੋਧ ਕਰਦੇ ਹੋਏ ਜਿੱਥੇ ਕੈਪਟਨ ਸਰਕਾਰ ਨੂੰ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ, ਉੱਥੇ ਹੀ ਬੈਂਕਾਂ ਦੇ ਅਧਿਕਾਰੀਆਂ-ਕਰਮਚਾਰੀਆਂ ਨੂੰ ਤਾੜਨਾ ਕੀਤੀ ਹੈ ਕਿ ਉਹ ਪਹਿਲਾਂ ਹੀ ਕਰਜ਼ੇ ਦੇ ਸਤਾਏ ਕਿਸਾਨਾਂ ਦੀ ਜ਼ਮੀਨ ਵੱਲ ਦੇਖਣ ਦੀ ਵੀ ਹਮਾਕਤ ਨਾ ਕਰਨ।
ਆਪ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਤੁਗ਼ਲਕੀ ਫ਼ੈਸਲੇ ਦੇ ਸੰਬੰਧ ‘ਚ ਅੱਜ ਪਾਰਟੀ ਹੈੱਡਕੁਆਟਰ ‘ਤੇ ਕਿਸਾਨ ਵਿੰਗ ਦੀ ਹੰਗਾਮੀ ਬੈਠਕ ਬੁਲਾਈ , ਜਿਸ ‘ਚ ਕਿਸਾਨ ਵਿੰਗ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਆਬਜ਼ਰਵਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਮਾਲਵਾ ਜ਼ੋਨ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਜੀਤ ਸਿੰਘ ਗਿੱਲ, ਮਾਲਵਾ ਜ਼ੋਨ -3 ਦੇ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਕੁਆਰਡੀਨੇਟਰ ਸੁਰਜੀਤ ਸਿੰਘ ਕੰਗ ਅਤੇ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ।
ਇਸ ਮੌਕੇ ਪੰਜਾਬ ਖੇਤੀਬਾੜੀ ਬੈਂਕ ਦੇ ਤੁਗ਼ਲਕੀ ਫ਼ੈਸਲੇ ਬਾਰੇ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਆਉਂਦੇ ਬੁੱਧਵਾਰ ਤੱਕ ਦੀ ਮੋਹਲਤ ਦਿੰਦੇ ਹੋਏ ਇਹ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ। ਜੇਕਰ ਕੈਪਟਨ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਪਾਰਟੀ ਬੈਂਕ ਦੇ ਪਟਿਆਲਾ ਡਿਵੀਜ਼ਨ ਦਫ਼ਤਰ ਦਾ ਘਿਰਾਓ ਕਰੇਗੀ।
ਇਸ ਤੋਂ ਬਿਨਾ ਕਿਸਾਨ ਵਿੰਗ ਨੇ ਪਾਣੀ ਦੀ ਮਾਰ ਹੇਠਾਂ ਆਈਆਂ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਪ੍ਰਭਾਵਿਤ ਇਲਾਕਿਆਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਕਿਹਾ।
ਬੈਠਕ ਦੌਰਾਨ ਪਾਰਟੀ ਆਗੂਆਂ ਨੇ ਸੇਮ ਨਾਲਿਆਂ ਦੀ ਖ਼ੁਦਾਈ ਅਤੇ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਦੇ ਹੋ ਰਹੇ ਨੁਕਸਾਨ, ਗੰਨੇ ਦੇ ਬਕਾਏ, ਨਹਿਰੀ ਪਾਣੀਆਂ ਦੀ ਲਗਾਤਾਰ ਵਧ ਰਹੀ ਕਮੀ ਸਮੇਤ ਕੈਪਟਨ ਸਰਕਾਰ ਵੱਲੋਂ ਟਿਊਬਵੈੱਲ ਕਨੈੱਕਸ਼ਨ ਮੋਟਰ ਉੱਤੇ ਮੀਟਰ ਲਗਾਉਣ ਵਰਗੇ ਫ਼ੈਸਲਿਆਂ ਪਿੱਛੇ ਕੈਪਟਨ ਸਰਕਾਰ ਦੀ ਨੀਅਤ ‘ਤੇ ਉਗਲ ਉਠਾਈ।
ਬੈਠਕ ‘ਚ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।

