ਪਟਿਆਲਾ

ਡਿਪਟੀ ਕਮਿਸ਼ਨਰ ਨੇ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਮੀਟਿੰਗ ‘ਚ ਕੀਤੀ ਸਮੀਖਿਆ

ਪਟਿਆਲਾ, 20 ਜੁਲਾਈ (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਪਏ ਭਾਰੀ ਮੀਂਹ ਕਾਰਣ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਹੁਣ ਤੱਕ ਹੋਏ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਕਿ ਬਰਸਾਤਾਂ ਦੇ ਮੌਸਮ ਦੌਰਾਨ ਸਾਰੇ ਵਿਭਾਗ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਸਮੂਹ ਬਲਾਕ ਵਿਕਾਸ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਛੱਪੜਾਂ ਅਤੇ ਗਲੀਆਂ/ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਪਿੰਡਾਂ ਵਿਚ ਨੀਵੇਂ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਲਈ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਾਣੀ ਦੇ ਕੁਦਰਤੀ ਵਹਾਅ ਵਿਚ ਕੋਈ ਰੁਕਾਵਟ ਨਾ ਆਵੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਉਪਰ ਡਰੇਨਜ਼ ਐਕਟ ਅਧੀਨ ਯੋਗ ਕਾਰਵਾਈ ਕੀਤੇ ਜਾਵੇ। ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਪਟਿਆਲਾ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਤੁਰੰਤ ਕੀਤੀ ਜਾਵੇ।
ਸ਼੍ਰੀ ਕੁਮਾਰ ਅਮਿਤ ਨੇ ਐਕਸੀਅਨ ਬੀ.ਐਮ.ਐਲ ਡਵੀਜ਼ਨ ਸਿੰਚਾਈ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਪੈਂਦੀਆਂ ਨਹਿਰਾਂ ਅਤੇ ਡਿਸਟ੍ਰੀਬਿਊਟਰੀਆਂ ਦੇ ਕੰਢਿਆਂ ਦੀ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਜਿਥੇ ਨਹਿਰਾਂ ਦੇ ਕੰਢੇ ਕਮਜ਼ੋਰ ਹਨ ਉਥੇ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਲੱਡ ਸੀਜ਼ਨ ਦੌਰਾਨ ਨਾਜ਼ੁਕ ਸਥਾਨਾਂ ‘ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾਣ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਨਿਰਵਿਘਨ ਲਗਾਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਐਕਸੀਅਨ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਪਟਿਆਲਾ ਸ਼ਹਿਰ ਦੀਆਂ ਗਲੀਆਂ/ਨਾਲੀਆਂ ਅਤੇ ਸੀਵਰੇਜ ਦੀ ਸਫ਼ਾਈ ਤੁਰੰਤ ਕੀਤੀ ਜਾਵੇ ਅਤੇ ਜਿਹੜੇ ਸੀਵਰੇਜ ਹੋਲ ਕਵਰ ਨਹੀਂ ਹਨ ਉਨ੍ਹਾਂ ਨੂੰ ਤੁਰੰਤ ਢਕਿਆ ਜਾਵੇ ਅਤੇ ਜਿਨ੍ਹਾਂ ਗਲੀਆਂ ਵਿਚ ਸਟਰੀਟ ਲਾਈਟਾਂ ਨਹੀਂ ਲੱਗੀਆਂ ਤੁਰੰਤ ਲਗਾਈਆਂ ਜਾਣ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਫਲੱਡ ਸੀਜ਼ਨ ਦੌਰਾਨ ਦਵਾਈਆਂ ਅਤੇ ਐਬੂਲੈਸਾਂ ਦਾ ਪੂਰਾ ਪ੍ਰਬੰਧ ਰੱਖਿਆ ਜਾਵੇ। ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਕੰਟਰੋਲਰ, ਖ਼ੁਰਾਕ ਸਿਵਲ ਸਪਲਾਈਜ਼ ਨੂੰ ਹਦਾਇਤ ਕੀਤੀ ਕਿ ਖ਼ੁਰਾਕ, ਪੈਟਰੋਲ, ਮਿੱਟੀ ਦਾ ਤੇਲ ਅਤੇ ਹੋਰ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਪਹਿਲਾਂ ਕੀਤਾ ਜਾਵੇ।
ਸ਼੍ਰੀ ਕੁਮਾਰ ਅਮਿਤ ਨੇ ਹਦਾਇਤ ਕੀਤੀ ਕਿ ਵੱਖ-ਵੱਖ ਵਿਭਾਗਾਂ ਵਿਚ ਹੜ੍ਹ ਰੋਕੂ ਕੰਮਾਂ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਜਾਣ ਅਤੇ ਉਨ੍ਹਾਂ ਦਾ ਵੇਰਵਾ ਡੀ.ਸੀ. ਦਫ਼ਤਰ ਨੂੰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹ ਰੋਕੂ ਕੰਮਾਂ ਨਾਲ ਸਬੰਧਤ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਪ੍ਰਵਾਨਗੀ ਸਟੇਸ਼ਨ ਨਹੀਂ ਛੱਡੇਗਾ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸ਼ੌਕਤ ਅਹਿਮਦ ਪਰੇ, ਸਿਵਲ ਸਰਜਨ ਸ਼੍ਰੀ ਹਰੀਸ਼ ਮਲਹੋਤਰਾ, ਡੀ.ਐਫ.ਐਸ.ਸੀ. ਸ਼੍ਰੀ ਨਰਿੰਦਰ ਸਿੰਘ, ਐਕਸੀਅਨ ਡਰੇਨਜ਼ ਵਿਭਾਗ ਸ਼੍ਰੀ ਦਵਿੰਦਰਪਾਲ ਸਿੰਘ, ਐਕਸੀਅਨ ਲਹਿਲ ਮੰਡਲ ਸ਼੍ਰੀ ਰਾਕੇਸ਼ ਕੁਮਾਰ, ਐਕਸੀਅਨ ਦੇਵੀਗੜ੍ਹ ਮੰਡਲ ਸ. ਸੇਰ ਸਿੰਘ, ਐਕਸੀਅਨ ਬੀ.ਐਮ.ਐਲ ਸ਼੍ਰੀ ਚੰਦਰ ਮੋਹਨ ਸ਼ਰਮਾ, ਐਕਸੀਅਨ ਨਗਰ ਨਿਗਮ ਸ਼੍ਰੀ ਸੁਰੇਸ਼ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *