ਏਐਸਆਈ ਨੇ ਖੁਦ ਨੂੰ ਮਾਰੀ ਗੋਲੀ, ਡੀਐਸਪੀ ਨਾਲ ਰਿਹਾ ਤਾਇਨਾਤ
ਪੁਲਿਸ ਵਿਭਾਗ ‘ਚ ਖੁਦਕਸ਼ੀਆਂ ਦੇ ਵੱਧ ਰਹੇ ਰੁਝਾਨਾਂ ਨੇ ਸਵਾਲ ਖੜੇ ਕੀਤੇ
ਕੰਵਰ ਸਿੰਘ ਬੇਦੀ, ਪਟਿਆਲਾ 16 ਸਤੰਬਰ
ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ‘ਚ ਤਾਇਨਾਤ ਏਐਸਆਈ ਹਰਮੇਲ ਸਿੰਘ ਨੇ ਆਪਣੇ ਹੀ ਸਰਵਿਸ ਰਿਵਾਲਰ ਨਾਲ ਗੋਲੀ ਮਾਰਕੇ ਖੁਦਕਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਡੀਐਸਪੀ ਤਿੱਤਲੀ ਦੇ ਘਰ 24 ਸਾਲਾਂ ਤੋਂ ਤਾਇਨਾਤ ਏਐਸਆਈ ਹਰਮੇਲ ਸਿੰਘ ਨੇ ਰਾਤ 11 ਵਜੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਏਐਸਆਈ ਰਾਜਪੁਰਾ ਨੇੜੇ ਪਿੰਡ ਬਨੂੜ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 40 ਸਾਲ ਦੇ ਕਰੀਬ ਸੀ।
ਦੱਸਿਆ ਜਾਂਦਾ ਹੈ ਕਿ ਏਐਸਆਈ ਡੀਐਸਪੀ ਨਾਲ ਕਾਫੀ ਲੰਮੇ ਸਮੇਂ ਤੋਂ ਤਾਇਨਾਤ ਚੱਲਿਆ ਆ ਰਿਹਾ ਸੀ, ਜਿਸ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਹੌਲਦਾਰ ਤੋਂ ਏਐਸਆਈ ਵਜੋਂ ਤਰੱਕੀ ਮਿਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਏਐਸਆਈ ਹਰਮੇਲ ਸਿੰਘ ਡੀਐਸਪੀ ਹਰਦੇਵ ਸਿੰਘ ਤਿੱਤਲੀ ਨਾਲ ਪਰਿਵਾਰਕ ਮੈਂਬਰਾਂ ਵਾਂਗ ਵਿਚਰਦਾ ਸੀ, ਪ੍ਰੰਤੂ ਰਾਤ ਸਮੇਂ ਦੋਵਾਂ ਵਿਚਾਲੇ ਹੋਈ ਆਪਸੀ ਗੱਲਬਾਤ ਤੋਂ ਬਾਅਦ ਏਐਸਆਈ ਨੂੰ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਲਾਸ ਨੂੰ ਅਮਰ ਹਸਪਤਾਲ ਵਿਖੇ ਲਿਜਾਇਆ ਗਿਆ, ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿਭਾਗ ‘ਚ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਸਰਵਿਸ ਨਾਲ ਖੁਦ ਨੂੰ ਗੋਲੀ ਮਾਰ ਲਏ ਜਾਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨਾਂ ਨੂੰ ਖੁਦਕਸ਼ੀ ਕਰਾਰ ਦਿੱਤਾ ਜਾਂਦਾ ਹੈ, ਪ੍ਰੰਤੂ ਅਸਲ ਕਾਰਨਾਂ ਵੱਲ ਧਿਆਨ ਮਾਰੀਏ ਤਾਂ ਪੁਲਿਸ ਵਿਭਾਗ ‘ਚ ਖੁਦਕਸ਼ੀਆਂ ਦੇ ਵੱਧ ਰਹੇ ਰੁਝਾਨ ਨਾਲ ਕਈ ਤਰ੍ਹਾਂ ਦੇ ਸਵਾਲ ਉਠਣ ਲੱਗ ਪਏ ਹਨ।

