ਪੰਜਾਬਪਟਿਆਲਾ

‘ਪੱਕੋ ਕਰੋ ਜਾਂ ਗ੍ਰਿਫ਼ਤਾਰ ਕਰੋ’ ਦੇ ਨਾਅਰਿਆਂ ਨਾਲ ਗੂੰਜਿਆ ਸੀ.ਐਮ. ਸ਼ਹਿਰ

ਵਰਦੇ ਮੀਂਹ ‘ਚ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
23 ਜੁਲਾਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦੇ ਮਿਲੇ ਭਰੋਸੇ ਮਗਰੋਂ ਧਰਨਾ ਚੁੱਕਿਆ
ਪਟਿਆਲਾ, 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿੱਖਿਆ ਪ੍ਰੋਵਾਈਡਰਾਂ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਲਈ ਬੱਸ ਅੱਡੇ ਤੋਂ ਪੈਦਲ ਮਾਰਚ ਸ਼ੁਰੂ ਕੀਤਾ। ਅਧਿਆਪਕ ਪੱਕੇ ਕਰੋ ਜਾਂ ਗ੍ਰਿਫਤਾਰ ਕਰੋ ਦੀ ਮੰਗ ਕਰਦੇ ਹੋਏ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ।

ਅਧਿਆਪਕਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧਣ ਤੋਂ ਰੋਕਣ ਲਈ ਵੱਖ-ਵੱਖ ਥਾਵਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਸੀ, ਜੋ ਰੋਸ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਦੇ ਨਾਲ-ਨਾਲ ਚੱਲ ਰਹੇ ਸਨ। ਸੀ.ਐਮ. ਸਿਟੀ ‘ਚ ਬੱਦਲ ਅਤੇ ਅਧਿਆਪਕ ਦੋਵੇਂ ਗਰਜ਼ੇ ਅਤੇ ਬਰਸੇ। ਇਸ ਦੌਰਾਨ ਅਧਿਆਪਕਾਂ ਨੇ ਵਰਦੇ ਮੀਂਹ ‘ਚ ਆਪਣਾ ਰੋਸ ਜਾਰੀ ਰੱਖਿਆ ਅਤੇ ਮੁੱਖ ਮੰਤਰੀ ਦੀ ਰਿਹਾਇਸ਼ੀ ਵੱਲ ਪੂਰੇ ਜੋਸ਼ ਨਾਲ ਵਧੇ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰ ਰਹੇ ਅਧਿਆਪਕਾਂ ਦਾ ਕਾਫਲਾ ਬੱਸ ਸਟੈਂਡ ਤੋਂ ਸ਼ੇਰਾਂ ਵਾਲਾ ਗੇਟ ਅਤੇ ਫੁਆਰਾ ਚੋਂਕ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਧਿਆਨ। ਪੁਲਿਸ ਦੀਆਂ ਵੱਖ ਵੱਖ ਤਾਇਨਾਤ ਕੀਤੀਆਂ ਟੀਮਾਂ ਵੱਲੋਂ ਅਧਿਆਪਕਾਂ ਨੂੰ ਰੋਕਣ ਦੇ ਕਈ ਯਤਨ ਕੀਤੇ ਗਏ, ਪਰ ਅਧਿਆਪਕ ਪਿੱਛੇ ਨਾ ਹੱਟਦਾ ਵੇਖਕੇ ਆਖਿਰ ਪੋਲੋ ਗਰਾਊਂਡ ਕੋਲ ਬੈਰੀਕੇਟ ਲਗਾਕੇ ਤਾਇਨਾਤ ਕੀਤੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ, ਜੋ ਉਥੇ ਵਰਦੇ ਮੀਂਹ ‘ਚ ਬੈਠਕੇ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਭੜਾਸ ਕੱਢਦੇ ਰਹੇ।
ਇਸ ਮੌਕੇ ਧਰਨਾ ਨੂੰ ਚੁਕਵਾਉਣ ਲਈ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ, ਅਧਿਆਪਕ ਬਜ਼ਿੱਦ ਰਹੇ। ਤਿੰਨ ਵਜੇ ਦੇ ਕਰੀਬ ਅਧਿਆਪਕਾਂ ਨੂੰ ਆਈ.ਏ.ਐਸ਼ ਐਸ.ਕੇ. ਸੰਧੂ ਵੱਲੋਂ ਟੈਲੀਫੋਨ ‘ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ 23 ਜੁਲਾਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਰੱਖ ਦਿੱਤੀ ਗਈ, ਜਿਸ ਮਗਰੋਂ ਅਧਿਆਪਕ ਜਥੇ ਦੇ ਅਗਵਾਈ ਕਰਨ ਵਾਲੇ ਆਗੂਆਂ ਨੇ ਰੋਸ ਮੁਜ਼ਾਹਰੇ ‘ਚ ਸ਼ਾਮਲ ਹੋਣ ਆਏ ਅਧਿਆਪਕਾਂ ਨੂੰ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਉਪਰੰਤ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਉਹ ਮੁੜ 24 ਤਰੀਕੇ ਨੂੰ ਅਗਲੇ ਸੰਘਰਸ਼ ਦਾ ਬਿਗਲ ਵਜਾਉਣਗੇ।

Leave a Reply

Your email address will not be published. Required fields are marked *