ਗੁਰਦਆਰਾ ਬੁੱਢਾ ਜੋਹੜ ਦਾ ਸੰਵਿਧਾਨ ਅਤੇ ਕਮੇਟੀਆਂ ਭੰਗ : ਪੰਜ ਸਿੰਘ ਸਾਹਿਬਾਨ
ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਲਈ ਸ਼੍ਰੋਮਣੀ ਕਮੇਟੀ ਕਾਨੂੰਨੀ ਚਾਰਾਜੋਈ ਕਰੇ
ਅੰਮ੍ਰਿਤਸਰ 23 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਫੈਸਲੇ ਲਏ ਗਏ।
ਸਿੰਘ ਸਾਹਿਬਾਨ ਨੇ ਕਿਹਾ ਕਿ ਸ਼ਹੀਦ ਨਗਰ ਗੁ: ਸਾਹਿਬ ਬੁੱਢਾ ਜੋਹੜ ਜਿਲ੍ਹਾ ਗੰਗਾਨਗਰ ਦੇ ਕੇਸ ਨੂੰ ਵਿਚਾਰਿਆ ਗਿਆ,ਜੋ ਕਾਫੀ ਗੁੰਝਲਦਾਰ ਹੈ। ਦੋਵੇਂ ਧਿਰਾਂ ਹੀ ਛੋਟੀ-ਛੋਟੀ ਗੱਲ ਤੇ ਉਲਝੀਆਂ ਹੋਈਆਂ ਹਨ ਅਤੇ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਮਰਜੀ ਨਾਲ ਹੀ ਗੁ: ਸਾਹਿਬ ਦਾ ਸੰਵਿਧਾਨ ਤਿਆਰ ਕੀਤਾ ਹੈ ਅਤੇ ਕਮੇਟੀਆਂ ਬਣਾਈਆਂ ਹਨ। ਜਿਸ ਨਾਲ ਕਾਫੀ ਵਾਦ-ਵਿਵਾਦ ਵਧਿਆ ਅਤੇ ਸੰਗਤਾਂ ਵਿਚ ਰੋਸ ਪਾਇਆ ਗਿਆ ਹੈ।ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਦੋਵੇਂ ਕਮੇਟੀਆਂ ਅਤੇ ਸੰਵਿਧਾਨ ਭੰਗ ਕਰਦਿਆ ਪ੍ਰਬੰਧ ਨੌਂ ਮੈਂਬਰੀ ਕਮੇਟੀ ਨੂੰ ਸੌਂਪਿਆ ਜਾਂਦਾ ਹੈ, ਜੋ ਪ੍ਰਬੰਧ ਸੰਭਾਲਣ ਦੇ ਨਾਲ-ਨਾਲ ਕਾਨੂੰਨੀ ਮਾਹਿਰਾਂ ਅਤੇ ਸੰਗਤਾਂ ਦੀ ਰਾਏ ਲੈ ਕੇ ਨਵਾਂ ਸੰਵਿਧਾਨ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪ੍ਰਵਾਨਗੀ ਲਈ ਭੇਜਣ। ਪ੍ਰਵਾਨਗੀ ਉਪਰੰਤ ਹੀ ਅਗਲਾ ਪ੍ਰਬੰਧ ਚਲਾਇਆ ਜਾਵੇ। ਇਹ ਸਾਰਾ ਕਾਰਜ ਛੇ ਮਹੀਨੇ ਦੇ ਅੰਦਰ-ਅੰਦਰ ਸੰਪੂਰਨ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੀ ਜਾਵੇ।
ਇਸ ਕਮੇਟੀ ਦੇ ਕੋਆਰਡੀਨੇਟਰ (ਨਿਗਰਾਨ) ਸ੍ਰ: ਤਜਿੰਦਰਪਾਲ ਸਿੰਘ ਟੀਮਾ ਅਤੇ ਅਜੀਤ ਸਿੰਘ ਲੱਖੀਆ ਹੋਣਗੇ। ਇਸ Àਪਰੋਕਤ ਕਮੇਟੀ ਵਿਚੋਂ ਦੋ ਮੈਂਬਰ ਰੋਜ਼ਾਨਾ ਗੁ: ਸਾਹਿਬ ਵਿਖੇ ਹਾਜਰ ਰਹਿਣਗੇ। ਬੈਂਕ ਦਾ ਲੈਣ-ਦੇਣ ਦੋਵਾਂ ਧਿਰਾਂ ਦੇ ਦੋ-ਦੋ ਮੈਂਬਰ ਦਸਖ਼ਤ ਕਰਕੇ ਕਰ ਸਕਦੇ ਹਨ।
ਸਿੰਘ ਸਾਹਿਬਾਨ ਨੇ ਕਿਹਾ ਕਿਸਿੱਖ ਸੰਗਤਾਂ ਵੱਲੋਂ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਸਬੰਧੀ ਜੋ ਸਰਕਾਰੀ ਹੁਕਮ ਹੋਏ ਹਨ। ਉਨ੍ਹਾਂ ਸਬੰਧੀ ਸੰਗਤਾਂ ਵੱਲੋਂ ਬਹੁਤ ਚਿੱਠੀਆਂ ਅਤੇ ਟੈਲੀਫੋਨ ਪਹੁੰਚਣ ਪੁਰ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਕੇ ਜਿਸ ਬੀਬੀ ਦੇ ਨਾਮ ਨਾਲ ਕੌਰ ਸ਼ਬਦ ਲਗਦਾ ਹੈ ਅਤੇ ਸਾਬਤ ਸੂਰਤ ਹੈ।ਸਿੱਖ ਰਹਿਤ ਮਰਿਯਾਦਾ ਅਨੁਸਾਰ ਉਹ ਸਿੱਖ ਹੈ। ਉਹਨਾਂ ਨੂੰ ਲੋਹ ਟੋਪ (ਹੈਲਮਟ) ਦੀ ਛੋਟ ਲਈ ਸ਼੍ਰੋਮਣੀ ਗੁ:ਪ੍ਰ:ਕਮੇਟੀ ਕਾਨੂੰਨੀ ਚਾਰਾਜੋਈ ਕਰੇ। ਸਤਿਕਾਰ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਪੈਦਾ ਹੋਏ ਵਾਦ-ਵਿਵਾਦ ਸਬੰਧੀ ਦੋਵੇਂ ਧਿਰਾਂ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋਈਆ।ਸਿੰਘ ਸਾਹਿਬਾਨਾ ਵੱਲੋਂ ਦੋਵੇਂ ਧਿਰਾਂ ਨੂੰ ਬਿਠ੍ਹਾ ਕੇ ਇਸ ਚਲਦੇ ਵਾਦ-ਵਿਵਾਦ ਨੂੰ ਸੁਲਝਾਇਆ ਅਤੇ ਅੱਗੋ ਵਾਸਤੇ ਇੱਕ ਦੂਜੇ ਉੱਤੇ ਕੋਈ ਦੂਸ਼ਨਬਾਜੀ ਨਾ ਕਰਨ, ਮਿਲ ਬੈਠ ਕੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਅਤੇ ਜੋ ਕੇਸ ਚਲਦੇ ਹਨ ਉਹ ਦੋਵਾਂ ਧਿਰਾਂ ਵੱਲੋਂ ਵਾਪਸ ਲੈਣ ਲਈ ਕਿਹਾ ਜਿਸ ਨਾਲ ਸਾਰੇ ਸਹਿਮਤ ਸਨ।ਦੋਵਾਂ ਧਿਰਾਂ ਨੇ ਇਸ ਫੈਸਲੇ ਸਬੰਧੀ ਸਿੰਘ ਸਾਹਿਬਾਨਾ ਦਾ ਧੰਨਵਾਦ ਕੀਤਾ।

