9 ਵਿਧਾਇਕਾਂ ਦਾ ਸਮਰਥਨ ਲੈ ਕੇ ਸੁਖਪਾਲ ਖਹਿਰਾ ਬੋਲੇ ਪਾਰਟੀ ਨਹੀਂ ਛੱਡਾਂਗਾ
ਚੰਡੀਗੜ੍ਹ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਧਿਰ ਦਾ ਅਹੁਦਾ ਖੁੱਸ ਜਾਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਮਨ ਦੀ ਗੱਲ ਕਹਿ ਕੇ ਆਪਣੀ ਭੜਾਸ ਕੱਢੀ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਵਾਲੰਟੀਅਰਾਂ ਦੇ ਖੂਨ-ਪਸੀਨੇ ਨਾਲ ਮਜ਼ਬੂਤ ਹੋਈ ਹੈ ਅਤੇ ਇਸ ਨੂੰ ਕਦੇ ਵੀ ਕਮਜ਼ੋਰ ਨਹੀਂ ਕਰਾਂਗਾ।
ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਕਦੇ ਪਾਰਟੀ ਨਹੀਂ ਛੱਡਣਗੇ ਤੇ ਨਾ ਹੀ ਕੋਈ ਕਿੰਤੂ-ਪਰੰਤੂ ਕਰਨਗੇ। ਸੁਖਪਾਲ ਖਹਿਰਾ 9 ਵਿਧਾਇਕ ਸਮੇਤ ਪ੍ਰੈਸ ਕਾਨਫਰੰਸ ਕਰ ਰਹੇ ਹਨ, ਜਿਨ੍ਹਾਂ ‘ਚ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ, ਜਗਤਾਰ ਸਿੰਘ ਅਤੇ ਰੁਪਿੰਦਰ ਕੌਰ ਰੂਬੀ, ਬਲਦੇਵ ਸਿੰਘ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਸਨ ਪਰ ਹੁਣ ਲੋਕਾਂ ਦੇ ਨੇਤਾ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦਾ ਭਰੋਸਾ ਕਦੇ ਨਹੀਂ ਤੋੜਨਗੇ। ਸੁਖਪਾਲ ਖਹਿਰਾ ਨੇ ਇਸ ਘੜੀ ‘ਚ ਉਨ੍ਹਾਂ ਦਾ ਸਾਥ ਦੇਣ ਵਾਲੇ ਵਿਧਾਇਕਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਜ਼ਿੰਦਗੀ ‘ਚ ਅਜਿਹੇ ਲੋਕਾਂ ਦੀ ਹੀ ਲੋੜ ਹੈ

