ਵਣ ਮਹਾਂ ਉਤਸਵ ਦੇ ਮੌਕੇ ਤੇ ਪੌਦੇ ਲਗਾਏ
ਪਟਿਆਲਾ 30 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੈਂਪਸ ਵਿਖੇ ਪਿਛਲੇ ਦਿਨੀਂ ਵਣ ਮਹਾਂ ਉਤਸਵ ਦੇ ਮੌਕੇ ਤੇ ਡੀਨ ਅਕਾਦਮਿਕ ਮਾਮਲੇ ਡਾ. ਜੀ.ਐੱਸ. ਬੱਤਰਾ ਦੀ ਅਗਵਾਈ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਵਖ ਵਖ ਤਰ੍ਹਾਂ ਦੇ ਦੇਸੀ ਅਤੇ ਬਾਹਰੀ ਕਿਸਮ ਦੇ ਪੌਦੇ ਲਗਾਏ ਗਏ ਜਿਨ੍ਹਾਂ ਵਿਚ ਅਮਲਤਾਸ, ਜੈਕਰੈਂਡਾ, ਗੁਲਮੋਹਰ, ਬੋਟਲ ਪਾਮ, ਕੁਈਨਜ਼ ਫਲਾਵਰ, ਚਕਰੱਸੀਆ ਅਤੇ ਮਹਾਗਾਨੀ ਦੇ ਬੂਟੇ ਸ਼ਾਮਿਲ ਸਨ।
ਦੱਸਣਯੋਗ ਹੈ ਕਿ ਇਹ ਤਕਰੀਬਨ 200 ਪੌਦੇ ਇਨਫੋਸਿਸ ਫਰਮ ਦੇ ਚੰਡੀਗੜ੍ਹ ਵਿਕਾਸ ਕੇਂਦਰ ਵਿਚਲੇ ਈਕੋ-ਕਲੱਬ ਵੱਲੋਂ ਮੁਹਈਆ ਕਰਵਾਏ ਗਏ ਸਨ। ਇਸ ਮਕਸਦ ਦੀ ਕਾਮਯਾਬੀ ਲਈ ਇਨਫੋਸਿਸ ਫਰਮ ਵੱਲੋਂ ਇਕ ਤਿੰਨ ਮੈਂਬਰੀ ਵਲੰਟੀਅਰ ਟੀਮ ਵੀ ਉਚੇਚੇ ਤੌਰ ਤੇ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਇਸ ਫਰਮ ਅਤੇ ਪੰਜਾਬੀ ਯੂਨੀਵਰਸਿਟੀ ਦਰਮਿਆਨ ਤਕਰੀਬਨ 15 ਸਾਲਾਂ ਦਾ ਰਿਸ਼ਤਾ ਹੈ ਜਿਸ ਨੇ ਕਿ ਇੰਡਸਟਰੀ ਅਤੇ ਅਕਾਦਮਿਕ ਜਗਤ ਦੇ ਆਪਸੀ ਖੱਪੇ ਨੂੰ ਪੂਰਨ ਵਿਚ ਭਰਪੂਰ ਯੋਗਦਾਨ ਪਾਇਆ ਹੈ। ਫਰਮ ਵੱਲੋਂ ਹਰ ਸਾਲ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਸ਼ਾਨਦਾਰ ਮੌਕੇ ਮੁਹਈਆ ਕਰਵਾਏ ਜਾਂਦੇ ਹਨ।

