ਵਰਲਡ ਯੂਨੀਵਰਸਿਟੀ ਵਿਖੇ ਸਿੱਖ ਗੁਰਦੁਆਰਾ ਐਕਟ 1925 ਦੀ ਸ਼ਤਾਬਦੀ ਨੂੰ ਸਮਰਪਿਤ ਕੌਮੀ ਸੈਮੀਨਾਰ ਦਾ ਆਯੋਜਨ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਅਤੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਦੀ ਸ਼ਤਾਬਦੀ ਨੂੰ ਸਮਰਪਿਤ “ਸਿੱਖ ਗੁਰਦੁਆਰਾ ਐਕਟ 1925: ਉਦੇਸ਼, ਪ੍ਰਾਪਤੀਆਂ ਅਤੇ ਸੰਭਾਵਨਾਵਾਂ” ਸਿਰਲੇਖ ਹੇਠ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਪਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਸਿੱਖ ਕੌਮ ਲਈ ਧਾਰਮਿਕ, ਜਥੇਬੰਦਕ ਅਤੇ ਸਮਾਜਿਕ ਪੱਖ ਤੋਂ ਬੇਹਦ ਮਹੱਤਵਪੂਰਨ ਹੈ। ਇਸ ਐਕਟ ਨੇ ਸਿੱਖ ਧਰਮ ਦੀ ਪ੍ਰਬੰਧਕੀ ਸੰਸਥਾ ਨੂੰ ਲੋਕਤਾਂਤਰਿਕ ਢਾਂਚਾ ਪ੍ਰਦਾਨ ਕੀਤਾ, ਜੋ ਅੱਜ ਵੀ ਪ੍ਰਸੰਗਿਕ ਹੈ। ਸੈਮੀਨਾਰ ਵਿੱਚ ਉਦਘਾਟਨੀ ਵਕਤਾ ਪ੍ਰੋ. ਕੇਹਰ ਸਿੰਘ, ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਸ਼ੇ ਨਾਲ ਜੁੜੇ ਇਤਿਹਾਸਕ ਅਤੇ ਸਿਧਾਂਤਕ ਪੱਖਾਂ ‘ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਸਿੱਖ ਗੁਰਦੁਆਰਾ ਐਕਟ ਦੀ ਪ੍ਰਵਾਣਗੀ ਪਿੱਛੇ ਤਤਕਾਲੀ ਸਮਾਜਕ, ਧਾਰਮਕ ਅਤੇ ਸਿਆਸੀ ਆਦਿ ਕਈ ਪੱਖਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਹਿਮਾਨ ਵਕਤਾ ਪ੍ਰੋ. ਦਲਜੀਤ ਸਿੰਘ, ਸਾਬਕਾ ਵਾਈਸ ਚਾਂਸਲਰ, ਰਿਆਤ ਬਾਹਰਾ ਯੂਨੀਵਰਸਿਟੀ ਨੇ ਗੁਰਦੁਆਰਾ ਐਕਟ ਦੇ ਕਾਨੂੰਨੀ ਪੱਖਾਂ ਦੀ ਵਿਸਥਾਰਪੂਰਵਕ ਵਿਵੇਚਨਾ ਕਰਦਿਆਂ ਸਮੇਂ ਦੀ ਲੋੜ ਅਨੁਸਾਰ ਐਕਟ ਵਿੱਚ ਲੋੜੀਂਦੀਆਂ ਸੋਧਾਂ ਦੀ ਜਰੂਰਤ ਤੇ ਵੀ ਜੋਰ ਦਿੱਤਾ।
ਵਿਦਵਾਨ ਵਕਤਾ ਡਾ. ਗੁਰਤੇਜ ਸਿੰਘ, ਪ੍ਰਿੰਸੀਪਲ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਗਰਜ ਕਾਲਜ, ਆਕੜ ਨੇ ਇਸ ਐਕਟ ਦੇ ਸਿੱਖ ਧਾਰਮਿਕ ਜੀਵਨ ਅਤੇ ਸਮਾਜਕ ਚੇਤਨਾ ‘ਤੇ ਪ੍ਰਭਾਵ ਬਾਰੇ ਵਿਸਤਾਰ ਨਾਲ ਵਿਚਾਰ ਸਾਂਝੇ ਕੀਤੇ। ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ੇ ਅਕਾਦਮਿਕ ਜਗਤ ਨੂੰ ਸਿੱਖ ਇਤਿਹਾਸ ਅਤੇ ਧਾਰਮਿਕ ਕਾਨੂੰਨ ਦੇ ਅਧਿਐਨ ਨਾਲ ਜੋੜਦੇ ਹਨ। ਪ੍ਰੋ. ਜਮਸ਼ੀਦ ਅਲੀ ਖਾਨ, ਰਾਜਨੀਤੀ ਵਿਗਿਆਨ ਵਿਭਾਗ ਅਤੇ ਪ੍ਰੋ. ਅਮਿਤਾ ਕੌਸ਼ਲ, ਮੁਖੀ, ਕਾਨੂੰਨ ਵਿਭਾਗ ਨੇ ਸੈਮੀਨਾਰ ਵਿੱਚ ਆਪਣੀ ਵਿਸ਼ੇਸ ਟਿੱਪਣੀ ਪੇਸ਼ ਕੀਤੀ ਅਤੇ ਐਕਟ ਦੇ ਸੰਦਰਭ ਵਿੱਚ ਸਿੱਖ ਕੌਮ ਦੇ ਮੁਖਾਤਿਬ ਮਹੱਤਵਪੂਰਨ ਪ੍ਰਸ਼ਨਾਂ ਤੇ ਚਰਚਾ ਕੀਤੀ। ਸੈਮੀਨਾਰ ਦੀ ਸ਼ੁਰੂਆਤ ਡਾ. ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਾਰਮਿਕ ਅਧਿਐਨ ਵਿਭਾਗ ਵੱਲੋਂ ਸਾਰੇ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਸਮਾਗਮ ਦੇ ਅੰਤ ਵਿੱਚ ਡਾ. ਰਮਨਦੀਪ ਕੌਰ, ਇੰਚਾਰਜ, ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਜਸਪਾਲ ਕੌਰ ਕਾਂਗ, ਡਾ. ਕਿਰਨਦੀਪ ਕੌਰ ਐਸੋਸੀਏਟ ਪ੍ਰੋਫੈਸਰ, ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਇਹ ਸੈਮੀਨਾਰ ਸਿੱਖ ਇਤਿਹਾਸ ਦੇ ਇੱਕ ਮਹੱਤਵਪੂਰਨ ਕਾਨੂੰਨੀ ਮੋੜ ਨੂੰ ਯਾਦ ਕਰਦੇ ਹੋਏ ਆਉਣ ਵਾਲੇ ਭਵਿੱਖ ਲਈ ਨਵੀਆਂ ਚਰਚਾਵਾਂ ਅਤੇ ਅਧਿਐਨ ਦੀਆਂ ਸੰਭਾਵਨਾਵਾਂ ਖੋਲ੍ਹਦਾ ਹੈ।

