ਵੋਟ ਦਾ ਸਹੀ ਇਸਤੇਮਾਲ ਲੋਕਤੰਤਰ ਲਈ ਬਹੁਤ ਜ਼ਰੂਰੀ
ਪਟਿਆਲਾ, 31 ਜੁਲਾਈ (ਮਧੂਸਾਰ ਬਿਊਰੋ) ਭਾਰਤ ਚੋਣ ਕਮਿਸ਼ਨ ਵੱਲੋਂ ਭਵਿੱਖ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ਇੰਟਰਐਕਟਿਵ ਸਕੂਲ ਇੰਨਗੇਜਮੈਂਟ (ਆਈ.ਐਸ.ਈ.) ਪ੍ਰੋਗਰਾਮ ਅਧੀਨ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਚੋਣ ਹਲਕਾ-114 ਸਨੌਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਸ਼੍ਰੀਮਤੀ ਪੂਨਮਦੀਪ ਕੌਰ, ਪੀ.ਸੀ.ਐਸ, ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਲੀ, ਪਟਿਆਲਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ।
ਸਮਾਗਮ ਵਿਚ ਸਕੂਲ ਦੇ 15 ਤੋਂ 17 ਸਾਲ ਦੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਵੋਟ ਦੀ ਮਹੱਤਤਾ, ਭਾਰਤ ਦੇ ਸੰਵਿਧਾਨ ਦੀ ਚੋਣ ਪ੍ਰਕ੍ਰਿਆ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼੍ਰੀਮਤੀ ਸ਼ਿਵਾਨੀ ਅਰੋੜਾ, ਚੋਣ ਕਾਨੂੰਗੋ ਸਨੌਰ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਅਤੇ ਮਿਤੀ 01.01.2019 ਦੀ ਯੋਗਤਾ ਦੇ ਆਧਾਰ ਤੇ ਵੋਟਰ ਸੂਚੀਆਂ ਦੇ ਪ੍ਰੋਗਰਾਮ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਵੋਟ ਦਾ ਸਹੀ ਇਸਤੇਮਾਲ ਲੋਕਤੰਤਰ ਵਿੱਚ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਅੱਗੇ ਵੀ ਕੀਤੇ ਜਾਂਦੇ ਰਹਿਣਗੇ।
ਸਮਾਗਮ ਵਿੱਚ ਵਿਦਿਆਰਥੀਆਂ ਤੋਂ ਚੋਣ ਸਬੰਧੀ ਪ੍ਰਸ਼ਨ ਉੱਤਰ ਪੁੱਛੇ ਗਏ ਅਤੇ ਵਿਦਿਆਰਥੀਆਂ ਵੱਲੋਂ ਸਮਾਗਮ ਦੇ ਆਰੰਭ ਵਿੱਚ ਚੋਣਾਂ ਦੀ ਭਾਗੀਦਾਰੀ ਸਬੰਧੀ ਜਾਗੋ ਅਤੇ ਗਿੱਧੇ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਦੇਸ਼ ਭਗਤੀ ਦੇ ਗੀਤ ਅਤੇ ਭਾਸ਼ਣ ਵੀ ਪੇਸ਼ ਕੀਤੇ ਗਏ।
ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਸ੍ਰੀਮਤੀ ਪਰਮਿੰਦਰਜੀਤ ਪਾਲ ਕੌਰ ਪ੍ਰਿੰਸੀਪਲ, ਸ਼੍ਰੀਮਤੀ ਅੰਮ੍ਰਿਤਪਾਲ ਕੌਰ ਲੈਕਚਰਾਰ-ਕਮ-ਨੋਡਲ ਅਫ਼ਸਰ ਸਵੀਪ ਅਤੇ ਸਮੂਹ ਸਕੂਲ ਸਟਾਫ਼ ਨੇ ਪੂਰਾ ਯੋਗਦਾਨ ਪਾਇਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਜ਼ਰ ਆਏ ਸਟਾਫ਼ ਡਾ. ਨਿਰਵੰਤ ਸਿੰਘ, ਐਚ.ਡੀ.ਓ., ਸ਼੍ਰੀਮਤੀ ਸ਼ਿਵਾਨੀ ਅਰੋੜਾ ਚੋਣ ਕਾਨੂੰਗੋ, ਸ਼੍ਰੀ ਹਿਤੇਸ਼ ਕੁਮਾਰ ਪੀ.ਏ., ਚੋਣ ਸੈਲ ਅਤੇ ਸ਼੍ਰੀ ਸੰਨੀ ਸੰਧੀਰ ਨੋਡਲ ਅਫ਼ਸਰ (ਆਈ.ਟੀ.) ਸਨੌਰ ਨੂੰ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪ੍ਰਿੰਸੀਪਲ ਅਤੇ ਨੋਡਲ ਅਫ਼ਸਰ ਨੂੰ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ ਗਿਆ।

