ਦੇਸ਼-ਵਿਦੇਸ਼ਪੰਜਾਬਪਟਿਆਲਾ

ਛੱਤਾਂ ‘ਤੇ ਲੱਗੇ 230 ਸੋਲਰ ਪਾਵਰ ਪਲਾਂਟਾਂ ਸਦਕਾ ਪਟਿਆਲਾ ਜ਼ਿਲ੍ਹਾ ਬਣਿਆ ਮੋਹਰੀ

ਸੂਰਜ ਤੋਂ ਪੈਦਾ ਊਰਜਾ ਨੇ ਘਟਾਏ ਬਿਜਲੀ ਖ਼ਰਚੇ
ਪਟਿਆਲਾ, 3 ਅਗਸਤ (ਮਧੂਸਾਰ ਬਿਊਰੋ) ”ਸੂਰਜੀ ਊਰਜਾ ਦੀ ਸਦਵਰਤੋਂ ਕਰਕੇ ਇਸ ਤੋਂ ਸੋਲਰ ਫੋਟੋਵੋਲਟਿਕ ਪੈਨਲਾਂ ਨਾਲ ਪੈਦਾ ਹੋਈ ਵਾਤਾਵਰਣ ਪੱਖੀ ਬਿਜਲੀ ਨੇ ਸਾਡੇ ਬਿਜਲੀ ਖ਼ਰਚੇ ਕਾਫ਼ੀ ਹੱਦ ਤੱਕ ਘਟਾ ਦਿੱਤੇ ਹਨ। ਆਪਣੀ ‘ਕਲੀਨ ਤੇ ਗਰੀਨ ਬਿਜਲੀ’ ਪੈਦਾ ਕਰਕੇ ਇੰਜ ਜਾਪਦਾ ਹੈ ਕਿ ਜਿਵੇਂ ਅਸੀਂ ਬਿਜਲੀ ਬਿਲਾਂ ਤੋਂ ਤਾਂ ਸੁਰਖੁਰੂ ਹੀ ਹੋ ਗਏ ਹਾਂ।”

ਇਹ ਵਿਚਾਰ ਉਨ੍ਹਾਂ ਵਿਅਕਤੀਆਂ ਦੇ ਹਨ, ਜਿਨ੍ਹਾਂ ਨੇ ਸੋਲਰ ਫੋਟੋਵੋਲਟਿਕ ਪੈਨਲ ਪ੍ਰਣਾਲੀ ਆਪਣੇ ਘਰਾਂ ਦੀਆਂ ਛੱਤਾਂ ‘ਤੇ ਲਗਾ ਕੇ ਵਾਤਾਵਰਣ ਪੱਖੀ ਬਿਜਲੀ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦੂਸ਼ਣ ਰਹਿਤ ਊਰਜਾ ਦਾ ਉਤਪਾਦਨ ਕਰਨ ਵਾਲੇ ਜ਼ਿਲ੍ਹੇ ਦੇ ਵਸਨੀਕਾਂ ਵੱਲੋਂ ਪ੍ਰਗਟਾਏ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਇਸ ਪੱਖੋਂ ਮੋਹਰੀ ਜ਼ਿਲ੍ਹਾ ਬਣਿਆ ਹੋਇਆ ਹੈ, ਜਿਥੇ ਸੂਰਜੀ ਊਰਜਾ ਦੀ ਸਦਵਰਤੋਂ ਕਰਦਿਆਂ ਘਰਾਂ ਤੇ ਹੋਰ ਅਦਾਰਿਆਂ ਦੀਆਂ ਛੱਤਾਂ ‘ਤੇ ਪੰਜਾਬ ਸਰਕਾਰ ਦੀ ਪੀ.ਐਸ.ਪੀ.ਸੀ.ਐਲ. ਰਾਹੀਂ ਲਾਗੂ ਨੈਟ ਮੀਟਰਿੰਗ ਨੀਤੀ ਤਹਿਤ ਲੱਗੇ ਸੋਲਰ ਪਾਵਰ ਪੈਨਲਾਂ ਦੇ ਲਗਪਗ 230 ਪਲਾਂਟਾਂ ਤੋਂ ਕਰੀਬ 2100 ਕਿਲੋਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।
ਸ੍ਰੀ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸੱਭ ਤੋਂ ਵੱਡਾ ਪਲਾਂਟ 500 ਕਿਲੋਵਾਟ ਦਾ ਸਮਾਣਾ ਰੋਡ ‘ਤੇ ਸਥਿਤ ਇੱਕ ਉਦਯੋਗਿਕ ਇਕਾਈ ‘ਚ ਲੱਗਾ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਇਹ ਸੱਦਾ ਵੀ ਦਿੱਤਾ ਕਿ ਉਹ ਕੁਦਰਤੀ ਸੂਰਜੀ ਊਰਜਾ ਤੋਂ ਸੋਲਰ ਪੈਨਲਾਂ ਰਾਹੀਂ ‘ਕਲੀਨ ਤੇ ਗਰੀਨ ਬਿਜਲੀ’ ਦਾ ਉਤਪਾਦਨ ਕਰਨ ਲਈ ਅੱਗੇ ਆਉਣ ਅਤੇ ਸਰਕਾਰ ਦੀ ਨੈਟ ਮੀਟਰਿੰਗ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸੇ ਦੌਰਾਨ ਪਟਿਆਲਾ ਦੀ ਧਾਲੀਵਾਲ ਕਲੋਨੀ ‘ਚ 7 ਕਿਲੋਵਾਟ ਦਾ ਪਲਾਂਟ ਲੱਗਵਾਉਣ ਵਾਲੇ ਸੇਵਾਮੁਕਤ ਬੈਂਕ ਅਧਿਕਾਰੀ, ਜਿਨ੍ਹਾਂ ਨੇ ਖ਼ੁਦ 7 ਕਿਲੋਵਾਟ ਦਾ ਤਿੰਨ ਫ਼ੇਜ ਪਲਾਂਟ ਲਗਵਾਇਆ ਹੋਇਆ ਹੈ, ਨੇ ਕਿਹਾ ਕਿ ਇਸ ਪਲਾਂਟ ‘ਤੇ ਮਿਲਦੀ 30 ਫੀਸਦੀ ਸਬਸਿਡੀ ਅਜਿਹਾ ਪਲਾਂਟ ਲਗਵਾਉਣ ਲਈ ਉਤਸ਼ਾਹ ਪੈਦਾ ਕਰਦੀ ਹੈ, ਪਰੰਤੂ ਜੇਕਰ ਇਹ ਸਬਸਿਡੀ ਨਾ ਵੀ ਮਿਲਦੀ ਹੁੰਦੀ ਉਹ ਤਾਂ ਵੀ ਇਸ ਪਲਾਂਟ ਨੂੰ ਜਰੂਰ ਲਗਵਾਉਂਦੇ, ਕਿਉਂਕਿ ਇੱਕ ਪਲਾਂਟ ਲਗਵਾਉਣ ਦਾ ਭਾਵ ਕਿ ਤੁਸੀਂ ਨੇ ਕਰੀਬ 1067 ਬੂਟੇ ਲਗਾ ਲਏ।
ਇਥੇ ਹੀ ਸੇਵਕ ਕਲੋਨੀ ‘ਚ 7 ਕਿਲੋਵਾਟ ਦਾ ਹੀ ਸੋਲਰ ਪੈਨਲਾਂ ਦਾ ਪਲਾਂਟ ਲਗਵਾਉਣ ਵਾਲੇ ਸੁਖਦੇਵ ਸਿੰਘ ਦਾ ਕਹਿਣਾਂ ਸੀ ਕਿ ਉਨ੍ਹਾਂ ਨੂੰ ਇੱਕ ਸਾਲ ਤੋਂ ਵਧੇਰੇ ਹੋ ਗਿਆ ਹੈ ਜਦੋਂ ਤੋਂ ਇਹ ਸੋਲਰ ਪਲਾਂਟ ਕੰਮ ਕਰ ਰਿਹਾ ਹੈ ਅਤੇ ਇਸੇ ਕਰਕੇ ਉਨ੍ਹਾਂ ਦੇ ਬਿਜਲੀ ਖ਼ਰਚੇ ਨਾਮਾਤਰ ਰਹਿ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜਾ ਬਿਜਲੀ ਦਾ ਬਿਲ ਪਹਿਲਾਂ ਇੱਕ ਸਾਲ ਦਾ ਕਰੀਬ 80 ਹਜ਼ਾਰ ਆਉਂਦਾ ਸੀ ਉਹ ਹੁਣ ਘੱਟਕੇ 6 ਹਜ਼ਾਰ ਦੇ ਲਗਪਗ ਹੀ ਰਹਿ ਗਿਆ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਪੰਜਾਬ ਏਨਰਜੀ ਡਿਵੈਲਪਮੈਂਟ ਏਜੰਸੀ ਪਟਿਆਲਾ ਦੇ ਜ਼ਿਲ੍ਹਾ ਮੈਨੇਜਰ ਸ. ਹਰਜੋਤ ਸਿੰਘ ਸੰਧੂ ਨੇ ਦੱਸਿਆ ਕਿ ਇੱਕ ਕਿੱਲੋਵਾਟ ਦੇ ਪਲਾਂਟ ਉਪਰ ਲਗਪਗ 58 ਤੋਂ 62 ਹਜ਼ਾਰ ਖ਼ਰਚਾ ਆਉਂਦਾ ਹੈ ਪਰ ਪੇਡਾ ਵੱਲੋਂ ਨਿਰਧਾਰਤ ਕੀਤੇ ਜਾਂਦੀ ਪ੍ਰਤੀ ਕਿਲੋਵਾਟ ਲਾਗਤ ਉਪਰ 30 ਫੀਸਦੀ ਸਬਸਿਡੀ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।
ਸ. ਸੰਧੂ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਨਿਗਮ ਦੇ ਖਪਤਕਾਰ ਨੈਟ ਮੀਟਰਿੰਗ ਤਹਿਤ 1 ਕਿਲੋਵਾਟ ਤੋਂ 10 ਮੈਗਾਵਾਟ ਤੱਕ ਦਾ ਪਲਾਂਟ ਲਗਵਾ ਸਕਦੇ ਹਨ, ਇਸ ਲਈ ਹੋਰ ਜਾਣਕਾਰੀ ਲੈਣ ਵਾਸਤੇ ਪੇਡਾ ਦੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਸਥਿਤ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਾਸੀਆਂ ‘ਚ ਅਜਿਹੇ ਪਲਾਂਟ ਲਗਵਾਉਣ ਲਈ ਉਤਸ਼ਾਹ ਲਗਾਤਾਰ ਵਧ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ।

Leave a Reply

Your email address will not be published. Required fields are marked *