ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦਾ ਖ਼ਜ਼ਾਨਾ ਦੋਵੇਂ ਹੱਥੀਂ ਲੁੱਟਿਆ-ਪਰਨੀਤ ਕੌਰ
ਕੁਲਾਰਾਂ (ਸਮਾਣਾ/ਘੱਗਾ), 8 ਅਗਸਤ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ, ਲੋਕਾਂ ਦੀ ਸਰਕਾਰ ਹੈ। ਇਸ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਹਲਕੇ ‘ਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਲਈ ਪਿੰਡਾਂ ਤੇ ਸ਼ਹਿਰਾਂ ਦਾ ਇਕਸਾਰ ਤੇ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।
ਸ੍ਰੀਮਤੀ ਪਰਨੀਤ ਕੌਰ ਅੱਜ ਹਲਕਾ ਸ਼ੁਤਰਾਣਾ ਦੇ ਪਿੰਡ ਕੁਲਾਰਾਂ ਵਿਖੇ ਹਲਕਾ ਵਿਧਾਇਕ ਸ. ਨਿਰਮਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਲੋਕ ਦਰਬਾਰ ਮੌਕੇ ਹਲਕਾ ਸ਼ੁਤਰਾਣਾਂ ਦੇ 26 ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਪਿੰਡ ਕੁਲਾਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਦੋ ਕਮਰਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਸਮਰਪਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਏ ਜਾਣ ਲਈ ਧੰਨਵਾਦ ਵੀ ਕੀਤਾ।
ਇਸ ਤੋਂ ਬਾਅਦ ਪਿੰਡ ਕੁਲਾਰਾਂ ਦੇ ਲੋਕ ਦਰਬਾਰ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਪਿਛਲੀ ਸਰਕਾਰ ‘ਤੇ ਹੱਲਾ ਬੋਲਦਿਆਂ ਕਿਹਾ ਕਿ ਪਿਛਲੇ 10 ਸਾਲ ਕਿਸਾਨਾਂ ਸਮੇਤ ਹੋਰ ਵਰਗਾਂ ਦੀ ਭਲਾਈ ਲਈ ਫੁੱਟੀ ਕੌਡੀ ਨਹੀਂ ਦਿੱਤੀ ਸਗੋਂ ਸੂਬੇ ਦੇ ਖ਼ਜ਼ਾਨੇ ਦੀ ਹਾਲਤ ਤਰਸਯੋਗ ਬਣਾ ਦਿੱਤੀ ਅਤੇ ਖ਼ਜ਼ਾਨੇ ਨੂੰ ਦੋਵੇਂ ਹੱਥੀਂ ਲੁੱਟਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੈਪਟਨ ਸਰਕਾਰ ਕਿਸਾਨਾਂ ਦੇ ਕਿਰਤੀਆਂ ਦੇ ਕਰਜੇ ਮੁਆਫ਼ ਕਰਕੇ ਉਨ੍ਹਾਂ ਦੀ ਬਾਂਹ ਫੜ ਰਹੀ ਹੈ ਤਾਂ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ. ਨਿਰਮਲ ਸਿੰਘ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕਰਦਿਆਂ ਦੱਸਿਆ ਕਿ ਹਲਕੇ ਦੇ ਲੋਕਾਂ ਨੇ ਪਿਛਲੇ 10 ਸਾਲਾਂ ਸੰਤਾਪ ਭੋਗਿਆ ਹੈ ਪਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਅਤੇ ਹਲਕੇ ‘ਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਆ ਰਹੀ। ਵਿਧਾਇਕ ਨੇ ਦੱਸਿਆ ਕਿ ਸ੍ਰੀਮਤੀ ਪਰਨੀਤ ਕੌਰ ਦੇ ਅਸ਼ੀਰਵਾਦ ਸਦਕਾ ਸ਼ੁਤਰਾਣਾ ਹਲਕੇ ਦੇ ਵਸਨੀਕਾਂ ਲਈ ਲੋਕ ਨਿਰਮਾਣ ਵਿਭਾਗ ਸਮੇਤ ਮੰਡੀ ਬੋਰਡ ਵੱਲੋਂ ਸੜਕਾਂ ਪਾਸ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਕੰਮ ਬਰਸਾਤ ਦੇ ਮੌਸਮ ਤੋਂ ਬਾਅਦ ਨੇਪਰੇ ਚੜਾਇਆ ਜਾਵੇਗਾ।
ਵਿਧਾਇਕ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਪਿੰਡ ਕੁਲਾਰਾਂ ਦੇ ਸਮਾਰਟ ਸਕੂਲ ਲਈ 7.50 ਲੱਖ, ਝੰਬੋ ਡਰੇਨ ਦੇ ਪੁਲ ਲਈ 1.45 ਕਰੋੜ, ਸਮਾਣਾ-ਭਵਾਨੀਗੜ੍ਹ ਰੋਡ ਤੋਂ ਗੁਰਦੁਆਰਾ ਜੰਡ ਸਰ ਕੋਟਲੀ ਸਹਿਜਪੁਰਾ ਕਲਾਂ ਤੱਕ 7.5 ਲੱਖ, ਕੁਲਾਰਾਂ ਦੀਆਂ ਦੋਵੇਂ ਪੰਚਾਇਤਾਂ ਨੂੰ ਵਿਕਾਸ ਲਈ 28 ਲੱਖ ਸਮੇਤ ਕੁਲਾਰਾਂ, ਮਵੀ ਕਲਾਂ ਅਤੇ ਕਕਰਾਲਾ ਦੀਆਂ ਮੰਡੀਆਂ ਅਪਗ੍ਰੇਡ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਕਲਵਾਣੂ, ਨਨਹੇੜਾ ਭਾਖੜਾ ਨਹਿਰ ਦੇ ਪੁਲ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਐਸ.ਡੀ.ਐਮ. ਅਰਵਿੰਦ ਗੁਪਤਾ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ। ਇਸ ਮੌਕੇ ਸ. ਹਰਦੀਪ ਸਿੰਘ ਕੁਲਾਰਾਂ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕਰਦਿਆਂ ਪਿੰਡ ਕੁਲਾਰਾਂ ‘ਚ ਪਿਛਲੇ ਸਮੇਂ ‘ਚ ਹੋਏ ਵਿਕਾਸ ਕਾਰਜਾਂ ਬਾਰੇ ਦੱਸਿਆ ਤੇ ਮੰਗ ਕੀਤੀ ਕਿ ਪਿੰਡ ਦੇ ਨੌਜਵਾਨਾਂ ਲਈ ਸਟੇਡੀਅਮ ਅਤੇ ਪਿੰਡ ਦੇ ਛੱਪੜ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ।
ਇਸ ਦੌਰਾਨ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕਾਂਗਰਸ ਦੇ ਜਨਰਲ ਸਕੱਤਰ ਸ. ਸੁਰਿੰਦਰ ਸਿੰਘ ਘੁੰਮਣ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸਤਨਾਮ ਸਿੰਘ, ਹਰਦੀਪ ਸਿੰਘ ਕੁਲਾਰਾਂ, ਸ੍ਰੀ ਤਰਸੇਮ ਬਾਂਸਲ, ਸ. ਜੈ ਪ੍ਰਤਾਪ ਸਿੰਘ ਡੇਜੀ, ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ, ਐਮ.ਸੀ. ਪਾਤੜਾਂ ਦੇ ਸਾਬਕਾ ਪ੍ਰਧਾਨ ਰਣਜੀਤ ਅਰੋੜਾ, ਬਲਰਾਜ ਸਿੰਘ ਗਿੱਲ, ਪੀ.ਏ ਅਮਰਜੀਤ ਸਿੰਘ ਬੋਪਰਾਏ, ਅਮਿਤ ਅਗਰਵਾਲ, ਡੀ.ਐਸ.ਪੀ. ਰਾਜਵਿੰਦਰ ਸਿੰਘ ਰੰਧਾਵਾ, ਬੀ.ਡੀ.ਪੀ.ਓ. ਅਕਬਰ ਅਲੀ, ਨਾਇਬ ਤਹਿਸੀਲਦਾਰ ਪੁਸ਼ਪ ਰਾਜ ਗੋਇਲ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਗ੍ਰਾਮ ਪੰਚਾਇਤ ਕੁਲਾਰਾਂ ਅਤੇ ਗੋਬਿੰਦ ਨਗਰ ਸਮੇਤ ਇਲਾਕੇ ਦੇ ਢਾਈ ਦਰਜਨ ਪਿੰਡਾਂ ਦੇ ਵਸਨੀਕ ਵੱਡੀ ਗਿਣਤੀ ‘ਚ ਪੁੱਜੇ ਹੋਏ ਸਨ।

