ਪੰਜਾਬ

ਆਪ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹੁਦੇਦਾਰੀਆਂ ਦਾ ਮੁਥਾਜ ਨਹੀਂ-ਭਗਵੰਤ ਮਾਨ

ਬੈਠਕ ‘ਚ ਡਾ. ਬਲਬੀਰ ਸਿੰਘ, ਹਰਪਾਲ ਚੀਮਾ ਅਤੇ ਮੀਤ ਹੇਅਰ ਨੇ ਵੀ ਕੀਤਾ ਸੰਬੋਧਨ
ਚੰਡੀਗੜ੍ਹ, 9 ਅਗਸਤ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਪ੍ਰਧਾਨਾਂ, ਵਿੰਗਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀ ਅੱਜ ਚੰਡੀਗੜ੍ਹ ‘ਚ ਬੈਠਕ ਹੋਈ, ਜਿਸ ‘ਚ ਪਾਰਟੀ ਦੇ ਸੂਬਾ ਪ੍ਰਧਾਨ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਆਬਜ਼ਰਵਰ ਅਤੇ ਵਿਧਾਇਕ ਮੀਤ ਹੇਅਰ ਸਮੇਤ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਬੈਠਕ ਦੌਰਾਨ ਪਾਰਟੀ ਨੂੰ ਦਰਪੇਸ਼ ਵਰਤਮਾਨ ਸੰਕਟ ਦੇ ਸਕਾਰਾਤਮਿਕ ਹੱਲ, ਭਵਿੱਖ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਬਾਰੇ ਵਿਚਾਰ-ਚਰਚਾ ਕੀਤੀ।
ਬੈਠਕ ਦੌਰਾਨ 95 ਫ਼ੀਸਦੀ ਅਹੁਦੇਦਾਰਾਂ ਨੇ ਪਾਰਟੀ ਨੂੰ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਪਰੰਤੂ ਭਗਵੰਤ ਮਾਨ ਨੇ ਕਿਹਾ ਕਿ ਉਹ ਬੇਗਾਨੀਆਂ ਤਾਕਤਾਂ ਵੱਲੋਂ ਗੁਮਰਾਹ ਹੋ ਚੁੱਕੇ ਆਪਣੇ ਹੀ ਆਗੂਆਂ ਨੂੰ ਪਹਿਲਾਂ ਮਨਾਉਣ-ਸਮਝਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਭਗਵੰਤ ਮਾਨ ਨੇ ਦੱਸਿਆ ਕਿ ਕਈ ਵਿਧਾਇਕਾਂ ਉਨ੍ਹਾਂ ਦੇ ਸੰਪਰਕ ‘ਚ ਹਨ ਅਤੇ ਉਨ੍ਹਾਂ ਦੇ ਹਰ ਭਰਮ-ਭੁਲੇਖੇ ਅਤੇ ਸ਼ਿਕਵੇ-ਸ਼ਿਕਾਇਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ, ਉੱਥੇ ਉਹ ਕੱਲ੍ਹ ਤੋਂ ਹੀ ਲੋਕਾਂ ‘ਚ ਉਤਰ ਰਹੇ ਹਨ। ਅਗਲੇ ਦਿਨਾਂ ‘ਚ ਬਠਿੰਡਾ, ਫ਼ਰੀਦਕੋਟ, ਮਾਨਸਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ‘ਚ ਜਨਤਕ ਬੈਠਕਾਂ ਕਰਨਗੇ। ਵਲੰਟੀਅਰਾਂ ਸਮੇਤ ਸਾਰੇ ਉਨ੍ਹਾਂ ਸਥਾਨਕ ਆਗੂਆਂ ਦੇ ਮਨ ਦੀ ਗੱਲ ਸੁਣਕੇ ਉਨ੍ਹਾਂ ਦੇ ਸਾਰੇ ਸ਼ਿਕਵੇ-ਸ਼ਿਕਾਇਤਾਂ ਦੂਰ ਕਰਨਗੇ ਅਤੇ ਪਾਰਟੀ ਨੂੰ ਤੋੜਨ ‘ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ‘ਚ ਜੁੱਟੀਆਂ ਤਾਕਤਾਂ ਦੇ ਮਨਸੂਬੇ ਜੱਗ-ਜ਼ਾਹਿਰ ਕਰਨਗੇ ਪਰੰਤੂ ਕਿਸੇ ਵੀ ਕੀਮਤ ‘ਤੇ ਪਾਰਟੀ ਨੂੰ ਟੁੱਟਣ ਨਹੀਂ ਦੇਣਗੇ।
ਭਗਵੰਤ ਮਾਨ ਨੇ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀਆਂ ‘ਤੇ ਅਜਿਹਾ ਸੰਕਟ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸੰਕਟ ਦੇ ਸਮੇਂ ਹੀ ਬੰਦੇ ਪਰਖੇ ਜਾਂਦੇ ਹਨ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਧੜੇਬਾਜ਼ੀ ਤੋਂ ਬਚਣ ਕਿਉਂਕਿ ਜਿਸ ਦਿਨ ਵਲੰਟੀਅਰਾਂ, ਐਨ.ਆਰ.ਆਈ ਭਰਾਵਾਂ ਅਤੇ ਸਮੁੱਚੇ ਪੰਜਾਬੀਆਂ ਨੂੰ ‘ਆਪ’ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦਾ ਸੱਚ ਪਤਾ ਚੱਲੇਗਾ ਉਸ ਦਿਨ ਉਨ੍ਹਾਂ ਨੇ ਉਸੇ ਜੋਸ਼ ਨਾਲ ਪਾਰਟੀ ਦਾ ਝਾੜੂ ਚੁੱਕ ਲੈਣਾ ਹੈ।
ਇਸ ਮੌਕੇ ਭਗਵੰਤ ਮਾਨ ਨੇ ਆਡੀਓ ਟੇਪ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਚੋਣਾਂ ਮੌਕੇ ਟਿਕਟਾਂ ਦੀ ਵੰਡ ਨੂੰ ਲੈ ਕੇ ਗ਼ੁੱਸੇ ‘ਚ ਆਏ ਵਲੰਟੀਅਰਾਂ ਅਤੇ ਦਾਅਵੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਸੀ ਤਾਂ ਕਿ ਉਹ ਬਾਘਾਪੁਰਾਣਾ ‘ਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮ ਨੂੰ ਖ਼ਰਾਬ ਨਾ ਕਰਨ।
ਇਸ ਮੌਕੇ ਉਨ੍ਹਾਂ ਖਹਿਰਾ-ਸੰਧੂ ਦੀ ਖ਼ੁਦਮੁਖ਼ਤਿਆਰੀ ਦੀ ਮੰਗ ਅਤੇ ਸਮੇਤ ਸਾਰੇ ਭਖਵੇਂ ਮੁੱਦਿਆਂ ਉੱਤੇ ਵਿਸਥਾਰ ਨਾਲ ਤੱਥ ਤੇ ਦਲੀਲਾਂ ਪੇਸ਼ ਕੀਤੀਆਂ ਅਤੇ ਕਿਹਾ ਕਿ ਉਹ ਪਿੰਡਾਂ ‘ਚ ਜਾ ਕੇ ਬਾਕੀ ਵਲੰਟੀਅਰਾਂ ਅਤੇ ਸਾਰੇ ਪੰਜਾਬੀਆਂ ਦੇ ਤੱਥਾਂ ਅਤੇ ਦਲੀਲਾਂ ਸਹਿਤ ਹੀ ਭਰਮ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰਨ।
ਇਸ ਮੌਕੇ ਪਾਰਟੀ ਅਹੁਦੇਦਾਰਾਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸੰਕਟ ਨੂੰ ਨਜਿੱਠਣ ਲਈ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਫਿਰ ਤੋਂ ਸੰਭਾਲਣ ਤਾਂ ਮਾਨ ਨੇ ਸਪਸ਼ਟ ਕੀਤਾ ਕਿ ਉਹ ਫਿਰ ਤੋਂ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਪਰੰਤੂ ਬਤੌਰ ਵਲੰਟੀਅਰ ਉਹ ਪੂਰੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪਾਰਟੀ ਨੂੰ ਮੌਜੂਦਾ ਸੰਕਟ ‘ਚ ਕੱਢਣਗੇ।
ਮਾਨ ਨੇ ਅਸਤੀਫ਼ੇ ਬਾਰੇ ਸੁਖਪਾਲ ਸਿੰਘ ਖਹਿਰੇ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਅਸਤੀਫ਼ੇ ਦੀ ਮਹਿਜ਼ ਡਰਾਮੇਬਾਜ਼ੀ ਕੀਤੀ ਹੁੰਦੀ ਤਾਂ ਉਹ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਖ਼ੁਦ ਨੂੰ ਸੰਗਰੂਰ ਹਲਕੇ ਤੱਕ ਸੀਮਤ ਨਾ ਕਰਦੇ। ਉਨ੍ਹਾਂ ਕਿਹਾ ਕਿ ਪਾਰਟੀ ਲਈ ਕੰਮ ਕਰਨ ਲਈ ਅਹੁਦਿਆਂ ਦੇ ਮੁਥਾਜ ਨਹੀਂ। ਮਾਨ ਨੇ ਕਿਹਾ ਕਿ ਮੁਆਫ਼ੀ ਦੇ ਮੁੱਦੇ ‘ਤੇ ਉਨ੍ਹਾਂ ਦੀ ਅਰਵਿੰਦ ਕੇਜੀਰਵਾਲ ਨਾਲ ਬੈਠਕ ਲੰਬਿਤ ਪਈ ਹੈ।
ਬੈਠਕ ‘ਚ 13 ਅਗਸਤ ਨੂੰ ਦਿੱਲੀ ਦੇ ਉਪ-ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਦੇ ਰੁਝੇਵਿਆਂ ਦੇ ਮੱਦੇਨਜ਼ਰ 13 ਅਗਸਤ ਨੂੰ ਜਲੰਧਰ ‘ਚ ਹੋਣ ਵਾਲੀ ਬੈਠਕ ਅੱਗੇ ਪਾ ਦਿੱਤੀ ਗਈ, ਜਦਕਿ 15 ਅਗਸਤ ਨੂੰ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਪਾਰਟੀ ਲੀਡਰਸ਼ਿਪ ਸ਼ਹੀਦ ਦੇ ਬੁੱਤ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਇਸ ਮੌਕੇ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਮੀਤ ਹੇਅਰ, ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ, ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਹੋਰ ਅਹੁਦੇਦਾਰਾਂ ਨੇ ਸੰਬੋਧਨ ਕੀਤੇ।

Leave a Reply

Your email address will not be published. Required fields are marked *