ਪੰਜਾਬਪਟਿਆਲਾ

ਬਿਜਲੀ ਨਿਗਮ ਮੈਨੇਜਮੈਂਟ ਨਾਲ ਗੱਲਬਾਤ ਟੁੱਟੀ

ਮੰਨੀਆਂ ਮੰਗਾਂ ਲਾਗੂ ਨਾਂ ਕਰਨ ਤੇ ਬਿਜਲੀ ਮੁਲਾਜਮਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ
ਪਟਿਆਲਾ 24 ਅਗਸਤ (ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਅਤੇ ਪਾਵਰ ਮੈਨੇਜਮੈਂਟ ਨਾਲ ਹੋਈ ਮੀਟਿੰਗ ਬਿਨਾਂ ਕਿਸੇ ਸਿੱਟੇ ਤੋਂ ਟੁੱਟ ਗਈ।

ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਇੰਜੀਨੀਅਰ ਐਨ.ਕੇ. ਸ਼ਰਮਾ ਡਾਇਰੈਕਟਰ ਵੰਡ, ਇੰਜੀ: ਓ.ਪੀ. ਗਰਗ ਡਾਇਰੈਕਟਰ ਵਣਜ, ਇੰਜੀ. ਜਸਵਿੰਦਰ ਪਾਲ ਮੁੱਖ ਇੰਜੀਨੀਅਰ ਐਚ.ਆਰ.ਡੀ., ਸ੍ਰੀ ਬੀ.ਐਸ. ਗੁਰਮ ਡਿਪਟੀ ਸਕੱਤਰ ਕਿਰਤ ਤੇ ਭਲਾਈ, ਸੀ.ਏ. ਐਸ.ਕੇ. ਬੇਰੀ ਮੁੱਖ ਵਿੱਤੀ ਅਫਸਰ, ਇੰਜੀ. ਗੁਰਬਖਸ਼ ਸਿੰਘ ਉਪ ਮੁੱਖ ਇੰਜੀਨੀਅਰ ਆਦਿ ਅਧਿਕਾਰੀ ਅਤੇ ਜੁਆਇੰਟ ਫੋਰਮ ਵੱਲੋਂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬੀ.ਐਸ. ਸੇਖੋਂ, ਬ੍ਰਿਜ ਲਾਲ, ਰਣਬੀਰ ਪਾਤੜਾਂ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਵਿਜੇ ਕੁਮਾਰ, ਗੁਰਸੇਵਕ ਸਿੰਘ, ਪਰਮਜੀਤ ਸਿੰਘ ਭੀਖੀ, ਕਮਲਜੀਤ ਸਿੰਘ, ਅਵਤਾਰ ਕੈਂਥ, ਪਰਮਜੀਤ ਸਿੰਘ ਦਸੂਹਾ, ਹਰਜਿੰਦਰ ਸਿੰਘ ਦੁਧਾਲਾ ਆਦਿ ਸਾਥੀ ਸ਼ਾਮਲ ਹੋਏ। ਮੀਟਿੰਗ ਵਿੱਚੋਂ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਆਗੂਆਂ ਨੇ ਰੋਸ ਵਜੋਂ ਵਾਕਆਊਟ ਕਰਨ ਉਪਰੰਤ ਦੱਸਿਆ ਕਿ ਜਿੱਥੇ ਪਿਛਲੀ ਮੀਟਿੰਗ ਵਿੱਚ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਡਾਇਰੈਕਟਰ ਪ੍ਰਬੰਧਕੀ ਜਿਨ੍ਹਾਂ ਨਾਲ ਮੁਲਾਜਮ ਮੰਗਾਂ ਉੱਪਰ ਮਿਤੀ 30-06-2018 ਦੀ ਮੀਟਿੰਗ ਵਿੱਚ ਸਹਿਮਤੀ ਬਣੀ ਸੀ, ਉਨ੍ਹਾਂ ਦੀ ਮੀਟਿੰਗ ਵਿੱਚ ਗੈਰ ਹਾਜ਼ਰੀ ਮੈਨੇਜਮੈਂਟ ਦੀ ਗੈਰ ਸੰਜੀਦਗੀ ਦਰਸਾਉਂਦੀ ਹੈ। ਉੱਥੇ ਮੈਨੇਜਮੈਂਟ ਨੇ ਕਿਸੇ ਵੀ ਸਹਿਮਤੀ ਨੂੰ ਲਾਗੂ ਨਹੀਂ ਕੀਤਾ। ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਮੀਟਿੰਗ ਦਾ ਵਿਸਥਾਰ ਦੱਸਦੇ ਹੋਏ ਦੱਸਿਆ ਕਿ ਮਿਤੀ 30-06-2018 ਦੀ ਮੀਟਿੰਗ ਵਿੱਚ ਬਿਜਲੀ ਕਰਮਚਾਰੀਆਂ ਨੂੰ 1-12-2011 ਤੋਂ ਪੇ ਬੈਂਡ ਦੇਣ, ਮਿਤੀ 1-1-2018 ਤੋਂ ਬੰਦ ਕੀਤੇ ਥਰਮਲ ਪਲਾਟਾਂ ਦੇ ਬੰਦ ਕੀਤੇ ਯੂਨਿਟ ਨੂੰ ਮੁੜ ਚਾਲੂ ਕਰਨ, ਸਮੁੱਚੇ ਕਰਮਚਾਰੀਆਂ ਨੂੰ ਬਿਨ੍ਹਾਂ ਸ਼ਰਤ 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦੇਣ, ਕੰਟਰੈਕਟ ਕਾਮਿਆਂ ਨੂੰ ਦੋ ਸਾਲ ਹੋਣ ਤੇ ਪੱਕੇ ਕਰਨ, ਵਰਕਚਾਰਜ ਆਰ.ਟੀ.ਐਮ. ਅਤੇ ਹੋਰ ਯੋਗ ਕਰਮਚਾਰੀਆਂ ਨੂੰ ਸਹਾਇਕ ਲਾਇਨਮੈਨ ਬਣਾਉਣ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਤੇਜੀ ਨਾਲ ਅਗੇਤ ਆਧਾਰ ਤੇ ਨੌਕਰੀ ਦੇਣ, ਕੰਟਰੈਕਟ, ਮੀਟਰ ਰੀਡਰ, ਬਿੱਲ ਵੰਡਕ ਅਤੇ ਖਜਾਨਚੀ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਥਰਮਲ ਅਤੇ ਹੋਰ ਕਾਮਿਆਂ ਦੀਆਂ ਤਰੱਕੀਆਂ ਕਰਨ, ਲਾਈਨਮੈਨ ਦੀ ਵਿਭਾਗੀ ਪ੍ਰੀਖਿਆ ਜਾਰੀ ਰੱਖਦੇ ਹੋਏ ਜੇ.ਈ. ਦੀ ਤਰੱਕੀ ਕਰਨ, ਨਵੇਂ ਭਰਤੀ ਕੀਤੇ ਸਹਾਇਕ ਲਾਇਨਮੈਨ, ਐਲ.ਡੀ.ਸੀ., ਐਸ.ਐਸ.ਏ. ਅਤੇ ਜੇ.ਈਜ਼ ਨੂੰ ਨਿਯੁਕਤੀ ਪੱਤਰ ਦੇ ਕੇ ਸਬੰਧਤ ਜਿਲਿਆ ਵਿੱਚ ਤਾਇਨਾਤ ਕਰਨ, ਨਵੇਂ ਭਰਤੀ ਕਾਮਿਆਂ ਨੂੰ ਰੈਗੂਲਰ ਸਕੇਲ ਦੇਣ, ਮਾਨਯੋਗ ਕੋਰਟਾਂ ਦੇ ਫੈਸਲੇ ਜਰਨਲਾਈਜ਼ ਕਰਨ, ਸਹਾਇਕ ਲਾਇਨਮੈਨ ਤੋਂ ਐਸ.ਐਸ.ਏ. ਬਣਾਉਣ ਅਤੇ 25 ਨੁਕਾਤੀ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਸਬੰਧੀ ਅਤੇ ਬਣੀਆਂ ਸਹਿਮਤੀਆਂ ਵਿੱਚੋਂ ਇੱਕ ਵੀ ਸਹਿਮਤੀ ਲਾਗੂ ਨਹੀਂ ਕੀਤੀ, ਬਲਕਿ 23 ਸਾਲ ਦੀ ਸੇਵਾ ਸਬੰਧੀ ਲਾਭ ਦੇਣ ਲਈ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ ਉਸ ਨਾਲ ਲਾਭ ਦੇਣ ਦੀ ਥਾਂ ਵਿੱਤੀ ਲਾਭ ਖੋਹ ਲਿਆ ਗਿਆ ਹੈ ਅਤੇ ਗਿਣੀ ਮਿੱਥੀ ਸਾਜਿਸ਼ ਤਹਿਤ ਮੁਲਾਜਮਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੇ ਜੁਆਇੰਟ ਫੋਰਮ ਦੇ ਆਗੂਆਂ ਨੇ ਮੀਟਿੰਗ ਵਿੱਚੋਂ ਵਾਕਆਊਟ ਕਰਨ ਉਪਰੰਤ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਮੈਨੇਜਮੈਂਟ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਮੈਨੇਜਮੈਂਟ ਦੇ ਮੁਲਾਜਮ ਵਿਰੋਧੀ ਰਵਈਏ ਵਿਰੁੱਧ ਪੰਜਾਬ ਦੇ ਹਜਾਰਾਂ ਬਿਜਲੀ ਕਾਮੇ ਮੁੱਖ ਦਫਤਰ ਪਟਿਆਲਾ ਦੇ ਦਫਤਰ ਅੱਗੇ ਮਿਤੀ 29-08-2018 ਨੂੰ ਪੰਜਾਬ ਪੱਧਰ ਦਾ ਸੂਬਾਈ ਧਰਨਾ ਦੇਣਗੇ ਅਤੇ ਸੰਘਰਸ਼ ਨੂੰ ਤੇਜ ਕਰਕੇ ਸਤੰਬਰ ਦੇ ਅਖੀਰਲੇ ਹਫਤੇ ਹੜਤਾਲ ਕਰਨਗੇ। ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਅਤੇ ਸੀ.ਐਮ.ਡੀ. ਅਤੇ ਸਮੁੱਚੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਜਾਰੀ ਰੱਖਣਗੇ ਅਤੇ 28 ਅਗਸਤ ਤੱਕ ਪੰਜਾਬ ਦੇ ਸਮੁੱਚੇ ਦਫਤਰ ਤੋਂ ਦਫਤਰ ਸੰਪਰਕ ਮੁਹਿੰਮ ਜਾਰੀ ਰੱਖਣਗੇ। ਜੇਕਰ ਮੈਨੇਜਮੈਂਟ ਨੇ ਦਿੱਤੇ ਵਿਸ਼ਵਾਸ਼ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *