ਬਹਿਬਲ ਕਲਾਂ ਕਾਂਡ ‘ਚ ਬਾਦਲ ਬਖ਼ਸ਼ੇ ਨਾ ਜਾਣ : ਫੂਲਕਾ
ਚੰਡੀਗੜ੍ਹ 28 ਅਗਸਤ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ.ਫੂਲਕਾ ਨੇ ਮੁੱਖ ਮੰਤਰੀ ਨੂੰ ਬਹਿਬਲ ਕਲਾਂ ਵਿੱਚ ਸ਼ਮੂਲੀਅਤ ਲਈ ਵੱਡੇ ਅਤੇ ਛੋਟੇ ਬਾਦਲ ਨੂੰ ਨਾ ਬਖ਼ਸ਼ਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ 1984 ਦੇ ਦੰਗਿਆਂ ਮਗਰੋਂ ਅਸਤੀਫ਼ਾ ਦੇਣ ਦੀ ਮਿਸਾਲੀ ਦਲੇਰੀ ਦਾ ਪ੍ਰਗਟਾਵਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੀਆਂ ਆਸਾਂ ਹਨ ਕਿ ਉਹ ਬਾਦਲਾਂ ਨੂੰ ਬਹਿਬਲ ਕਲਾਂ ਵਿੱਚ ਕੀਤੀਆਂ ਜਾਬਰ ਕਾਰਵਾਈਆਂ ਲਈ ਕਰੜਾ ਸਬਕ ਸਿਖਾਉਣਗੇ। ਸ੍ਰੀ ਫੂਲਕਾ ਨੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਨਕੋਦਰ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਰੋਜ਼ਾਨਾ ਆਧਾਰ ‘ਤੇ ਕਰਨ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕੀਤੇ ਜਾਣ ਦੀ ਸਖ਼ਤ ਲੋੜ ਹੈ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਆਖਿਆ ਕਿ ਮੁੱਖ ਮੰਤਰੀ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਕੋਲੋਂ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਮਿੱਥੀ ਮਿਆਦ ‘ਚ ਮੁਕੰਮਲ ਕਰਨ ਦੇ ਦਿਸ਼ਾ-ਨਿਰਦੇਸ਼ਾਂ ਨਾਲ ਸੌਂਪ ਦੇਣ ਕਿਉਂ ਜੋ ਸੀ.ਬੀ.ਆਈ. ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਕੰਟਰੋਲ ‘ਚ ਹੈ। ਉਨ੍ਹਾਂ ਵੱਲੋਂ ਕੇਂਦਰ ਪਾਸੋਂ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ਼ ਕੋਈ ਵੀ ਕਾਰਵਾਈ ਕਰਨ ‘ਚ ਅਸਫ਼ਲ ਰਹਿਣ ‘ਤੇ ਮੁਆਫ਼ੀ ਮੰਗੇ ਜਾਣ ਦਾ ਮਤਾ ਵੀ ਸਦਨ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਪੱਟੀ ਦੇ ਐਮ.ਐਲ.ਏ. ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਮੁੱਚੇ ਸੰਸਾਰ ‘ਚ ਬੈਠੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੀਆਂ ਰਾਜਨੀਤਕ ਇੱਛਾਵਾਂ ਲਈ ਏਨੇ ਨੀਵੇਂ ਪੱਧਰ ‘ਤੇ ਡਿੱਗ ਗਏ ਕਿ ਪੰਥ ਦੇ ਨਾਂ ‘ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਨ੍ਹਾਂ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਸਿੱਖ ਕੌਮ ਦੀਆਂ ਮਹਾਨ ਸੰਸਥਾਂਵਾਂ ਜਿਵੇਂ ਐਸ.ਜੀ.ਪੀ.ਸੀ. ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਿਆ।
ਐਮ.ਐਲ.ਏ. ਫਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ, ਜਿਸ ਦੇ ਜ਼ਿਲ੍ਹੇ ‘ਚ ਬਹਿਬਲ ਕਲਾਂ ਦੀ ਘਟਨਾ ਵਾਪਰੀ ਸੀ, ਨੇ ਅਕਾਲੀਆਂ ‘ਤੇ ਵਰ੍ਹਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਪਿੱਛੇ ਅਕਾਲੀਆਂ ਦੀ ਸਾਜਿਸ਼ ਹੀ ਸੀ। ਪੰਜਾਬ ਦੇ ਲੋਕ ਸੁਖਬੀਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ, ਜਿਸ ਨੇ ਰਾਜਨੀਤਿਕ ਮੁਫ਼ਾਦ ਲਈ ਵੋਟਰਾਂ ਨੂੰ ਲੁਭਾਉਣ ਲਈ ਧਰਮ ਦੀ ਵਰਤੋਂ ਕੀਤੀ। ਉਨ੍ਹਾਂ ਬਾਦਲਾਂ ਦੇ ਡੇਰਾ ਸਿਰਸਾ ਮੁਖੀ ਨਾਲ ਸਬੰਧਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸੇ ਲਈ ਅੱਜ ਉਹ ਇਸ ਅਹਿਮ ਚਰਚਾ ਦਾ ਸਾਹਮਣਾ ਕਰਨ ਤੋਂ ਭੱਜੇ ਹਨ।
ਗਿੱਦੜਬਾਹਾ ਤੋਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਲੋਕਾਂ ਵਾਸਤੇ ਸਖਤ ਸਜ਼ਾ ਦੀ ਮੰਗ ਕੀਤੀ, ਉੱਥੇ ਵੋਟ ਬੈਂਕ ਰਾਜਨੀਤੀ ਲਈ ਧਾਰਮਿਕ ਭਾਵਨਾਵਾਂ ਨੂੰ ਕੁਰੇਦਣ ਵਾਲਿਆਂ ਨਾਲ ਵੀ ਕਰੜੇ ਹੱਥੀਂ ਸਿੱਝਣ ਲਈ ਮੰਗ ਰੱਖੀ। ਉਨ੍ਹਾਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁੰਮਸ਼ੁਦਗੀ ਦੇ 116 ਦਿਨਾਂ ਬਾਅਦ ਵੀ ਡੂੰਘੀ ਨੀਂਦਰੇ ਸੁੱਤੇ ਰਹੇ ਗ੍ਰਹਿ ਮੰਤਰੀ ਦਾ ਅਚਾਨਕ ਡੂੰਘੀ ਨੀਂਦ ‘ਚੋਂ ਉੱਠ ਕੇ ਕੋਟਕਪੂਰਾ ‘ਚ ਬੇਅਦਬੀ ਦਾ ਵਿਰੋਧ ਕਰ ਭੋਲੇ-ਭਾਲੇ ਲੋਕਾਂ ‘ਤੇ ਵਧੀਕੀਆਂ ਕਰਨ ਦਾ ਹੁਕਮ ਦੇਣਾ ਬਹੁਤ ਹੀ ਮੰਦਭਾਗਾ ਸੀ।

