ਪੰਜਾਬ ਦੀ ਤਕਦੀਰ ਵਿਗਾੜਨ ‘ਚ ਕੈਪਟਨ ਅਤੇ ਬਾਦਲਾਂ ਦਾ ਹੱਥ : ਸੁਖਪਾਲ ਖਹਿਰਾ
ਕੈਪਟਨ ਅਤੇ ਬਾਦਲ ਪੰਜਾਬ ਲਈ ਦਿੱਲੀ ਦਰਬਾਰ ਤੱਕ ਭੀਖ ਮੰਗਣ ਤੱਕ ਸੀਮਤ : ਡਾ. ਗਾਂਧੀ
ਸਰਬ ਪਾਰਟੀ ਮੀਟਿੰਗ ਸੱਦਣ ਦਾ ਕੀਤਾ ਐਲਾਨ
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪੱਕੇ ਤੌਰ ‘ਤੇ ਖੋਲ੍ਹਣ ਦੇ ਨਾਲ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਉਠੀ
ਪਟਿਆਲਾ 9 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸਥਾਨਕ ਅਨਾਜ ਮੰਡੀ ‘ਚ ਆਪ ਵਲੰਟੀਅਰ ਕਨਵੈਨਸ਼ਨ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਤਕਦੀਰ ਨੂੰ ਵਿਗਾੜਨ ‘ਚ ਦੋਵੇਂ ਵੱਡੇ ਟੱਬਰਾਂ ਕੈਪਟਨ ਅਤੇ ਬਾਦਲਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਤੇ ਬਾਦਲਾਂ ਨੇ ਆਪਣੇ ਟੱਬਰਾਂ ਲਈ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਅਤੇ ਵਿਦੇਸ਼ਾਂ ‘ਚ ਸੰਪਤੀ ਬਣਾਈ ਅਤੇ ਸਵਿਸ ਬੈਂਕਾਂ ਦੇ ਖਾਤਿਆਂ ‘ਚ ਕਾਲੇ ਧੰਨ ਦੀ ਕਮਾਈ ਜਮਾਂ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਚ ਸ਼ਾਮਲ ਅਕਾਲੀਆਂ ਨੂੰ ਜਦੋਂ ਤੱਕ ਕੈਪਟਨ ਫੜ ਕੇ ਅੰਦਰ ਨਹੀਂ ਕਰਦਾ ਤਦ ਤੱਕ ਅਸੀਂ ਸਾਹ ਨਹੀਂ ਲਵਾਂਗੇ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਆਉਣ ਵਾਲੇ ਕੁਝ ਹੀ ਦਿਨਾਂ ‘ਚ ਆਲ ਪਾਰਟੀ ਮੀਟਿੰਗ ਸੱਦੀ ਜਾ ਰਹੀ ਹੈ, ਜਿਸ ‘ਚ ਇਕ ਸਰਬਸੰਮਤੀ ਨਾਲ ਪੰਜਾਬ ਦੇ ਲੋਕਾਂ ਨੂੰ ਇਕ ਅਜਿਹੀ ਕਾਲ ਦੇਵਾਂਗੇ ਅਤੇ ਪੰਜਾਬ ਸਰਕਾਰ ਨੂੰ 40 ਦਿਨਾਂ ਦਾ ਨੋਟਿਸ ਭੇਜਾਂਗੇ ਕਿ ਜੇ ਬੇਅਦਬੀ ਮਾਮਲੇ ਦੋਸ਼ੀਆਂ ਅਤੇ ਡੇਰੇ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਅਜਿਹਾ ਜਨ ਸੈਲਾਬ ਆਵੇਗਾ ਜਿਸ ਅੱਗੇ ਕੈਪਟਨ ਦਾ ਮੋਤੀ ਮਹਿਲ ਟਿੱਕ ਨਹੀਂ ਸਕੇਗਾ, ਇਥੋਂ ਤੱਕ ਰੋਸ ਮੁਜਾਹਰੇ ਦੀ ਸ਼ਕਲ ‘ਚ ਲੋਕ ਰੋਹ ਅੱਗੇ ਮੋਤੀ ਮਹਿਲ ਦੀਆਂ ਕੰਧਾਂ ਰੋਕਣ ਨਹੀਂ ਸਕਣਗੀਆਂ । ਸ. ਖਹਿਰਾ ਨੇ ਡਾ. ਗਾਂਧੀ ਵੱਲੋਂ ਕੀਤੇ ਭਾਸ਼ਣ ਦੀ ਤਾਕੀਤ ਕਰਦਿਆਂ ਕਿਹਾ ਕਿ ਸ੍ਰੀ ਕਰਤਾਰਪਰ ਸਾਹਿਬ ਲਾਂਘਾ ਪੱਕੇ ਤੌਰ ਤੇ ਖੋਲ੍ਹਿਆ ਜਾਣਾ ਚਾਹੀਦਾ। ਖਹਿਰਾ ਪੰਜਾਬ ਦੀ ਖੁਸ਼ਹਾਲੀ, ਵਪਾਰ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਪੰਜਾਬ ਦੇ ਲੋਕਾਂ ਲਈ ਵਾਹਗਾ ਬਾਰਡਰ ਪੱਕੇ ਤੌਰ ਤੇ ਖੋਲ੍ਹਿਆ ਜਾਵੇ।
ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਕੈਪਟਨ ਅਤੇ ਬਾਦਲਾਂ ‘ਚ ਕੋਈ ਫਰਕ ਨਹੀਂ, ਜੋ ਹਮੇਸ਼ਾ ਆਪੋ ਆਪਣੀਆਂ ਸਰਕਾਰਾਂ ਦੇ ਸਮੇਂ ਦਿੱਲੀ ਦਰਬਾਰ ‘ਚ ਪੇਸ਼ ਹੋ ਕੇ ਭੀਖ ਮੰਗਣ ਤੱਕ ਸੀਮਤ ਰਹੇ, ਜਦਕਿ ਪੰਜਾਬ ਲਈ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਗੇ ਤਰਲੇ ਕਰਦੇ ਸਨ ਤੇ ਅੱਜ ਕੈਪਟਨ ਅਮਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੰਜਾਬ ਦੇ ਹੱਕਾਂ ਦੀ ਭੀਖ ਮੰਗਦੇ ਵੇਖੇ ਜਾ ਸਕਦੇ ਹਨ। ਡਾ. ਗਾਂਧੀ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ਼ ਸਖਤ ਸਜ਼ਾ ਦੀ ਮੰਗ ਵੀ ਕੀਤੀ।
ਡਾ. ਗਾਂਧੀ ਨੇ ਕਿਹਾ ਕਿ ਨਸ਼ਿਆਂ ਦੀ ਅਖੀਰਲੀ ਕੜੀ ਜਦੋਂ ਡੀਜੀਪੀ ਸੁਰੇਸ਼ ਅਰੋੜਾ ਤੱਕ ਪੁੱਜੀ ਤਾਂ ਕੈਪਟਨ ਅਮਰਿੰਦਰ ਨੇ ਉਸ ਨੂੰ ਵੀ ਬਦਲਣ ਤੋਂ ਟਾਲਿਆ ਵੱਟਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕੈਪਟਨ ਬਾਦਲਾਂ ਦੀ ਤਰਜ਼ ‘ਤੇ ਚੱਲ ਰਹੇ। ਡਾ. ਗਾਂਧੀ ਨੇ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਜਿਥੇ ਸਵਾਗਤ ਕੀਤਾ, ਉਥੇ ਉਨ੍ਹਾਂ ਕਿਹਾ ਲਾਂਘਾ ਕੇਵਲ ਸਿੱਖਾਂ ਸੰਗਤਾਂ ਲਈ ਹੀ ਨਹੀਂ ਸਗੋਂ ਹਰ ਧਰਮ ਦੇ ਲੋਕਾਂ ਲਈ ਵੀ ਪੱਕੇ ਤੌਰ ‘ਤੇ ਹੀ ਖੋਲ੍ਹਿਆ ਜਾਣਾ ਚਾਹੀਦਾ ਹੈ।
ਡਾ. ਗਾਂਧੀ ਨੇ ਦਿੱਲੀ ਹਾਈਕਮਾਂਡ ਨੂੰ ਅਣਮੰਗੀ ਸਲਾਹ ਦਿੰਦਿਆਂ ਕਿਹਾ ਕਿ ਜੇ ਪੰਜਾਬ ਪਿਆਰ ਕਰਦੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਜਮਹੂਰੀਅਤ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਸੌਂਪ ਦੇਣ ਕਿਉਂਕਿ ਪੰਜਾਬ ਲੀਡਰਸ਼ਿਪ ਕੋਲ ਪੰਜਾਬ ਨੂੰ ਸਾਂਭਣ ਅਤੇ ਚਲਾਉਣ ਦੀ ਪੂਰੀ ਕਾਬਲੀਅਤ ਹੈ। ਡਾ. ਗਾਂਧੀ ਨੇ ਕਿਹਾ ਕਿ ਦਿੱਲੀ ਦੀ ਹਾਈਕਮਾਂਡ ਵੱਲੋਂ ਪੰਜਾਬ ‘ਚ ਭੇਜੇ ਧਾੜਵੀਆਂ ਨੇ ਪਾਰਟੀ ਦੇ ਵਰਕਰਾਂ ਨੂੰ ਵਲੰਟੀਅਰ ਬਣਾ ਕੇ ਧੋਖੇ ‘ਚ ਰੱਖਿਆ, ਵਰਤਿਆ ਤੇ ਸੁੱਟਿਆ ਹੀ ਨਹੀਂ ਸਗੋਂ ਨਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ‘ਚ ਕਾਬਜ਼ ਰਹਿਣ ਵਾਲੇ ਕੈਪਟਨ ਅਦੇ ਬਾਦਲਾਂ ਦੇ ਸਿਆਸੀ ਖਾਨਦਾਨਾਂ ਨੇ ਜਮਹੂਰੀਅਤ ਨੂੰ ਅਗਵਾਹ ਕੀਤਾ, ਕੈਦ ਕੀਤਾ ਤੇ ਲੋਕਾਂ ਕੋਲੋਂ ਜਮਹੂਰੀਅਤ ਨੂੰ ਖੋਹ ਲਿਆ। ਡਾ. ਗਾਂਧੀ ਨੇ ਦਿੱਲੀ ਹਾਈਕਮਾਂਡ ‘ਤੇ ਨਿਸ਼ਾਨੇ ਲਾਏ ਅਤੇ ਕਿਹਾ ਕਿ ਆਪ ਪਾਰਟੀ ਵੀ ਪੰਜਾਬ ਦੀ ਰਵਾਇਤੀਆਂ ਪਾਰਟੀਆਂ ਦੀ ਤਰਜ਼ ‘ਤੇ ਚੱਲ ਰਹੀ ਹੈ, ਜਿਸ ਕਾਰਨ ਦਿੱਲੀ ਹਾਈਕਮਾਂਡ ਤੋਂ ਭੇਜੇ ਧਾੜਵੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਲਾਇਕ ਸਮਝਕੇ ਫੈਸਲੇ ਲੈਣੇ ਸ਼ੁਰੂ ਕੀਤੇ ਅਤੇ ਆਪ ਪਾਰਟੀ ਨੂੰ ਦਿਸ਼ਾਹੀਣ ਬਣਾ ਦਿੱਤਾ।
ਇਸ ਮੌਕੇ ਸੁਖਪਾਲ ਖਹਿਰਾ ਧੜੇ ਨਾਲ ਸਬੰਧਤ ਵਿਧਾਇਕ, ਹਰਮੀਤ ਸਿੰਘ ਪਠਾਣਮਾਜਰਾ ਤੋਂ ਇਲਾਵਾ ਪਾਰਟੀ ਵਲੰਟੀਅਰਾਂ ਦਾ ਢਾਠਾਂ ਮਾਰਦਾ ਇਕੱਠ ਸ਼ਾਮਲ ਸੀ।

