ਪੰਜਾਬਪਟਿਆਲਾ

ਕਿਸਾਨ ਮੇਲਾ : ਪੰਜਾਬ ਦੇ ਕਿਸਾਨਾਂ ਨੇ ਹਰੇ ਇਨਕਲਾਬ ਰਾਂਹੀ ਦੇਸ਼ ਨੂੰ ਭੁੱਖਮਰੀ ਤੋਂ ਨਿਜ਼ਾਤ ਦੁਆਈ : ਵੀ.ਪੀ.ਬਦਨੌਰ

ਪਟਿਆਲਾ 14 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਫਾਰਮ ਪਟਿਆਲਾ ਵਿਖੇ ਇਕ ਰੋਜ਼ਾ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ।

ਕਿਸਾਨ ਮੇਲੇ ਦਾ ਉੱਦਘਾਟਨ ਪੰਜਾਬ ਦੇ ਰਾਜਪਾਲ ਮਾਣਯੋਗ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵੱਜੋਂ ਡਾ. ਰਾਜਬੀਰ ਸਿੰਘ, ਡਾਇਰੈਕਟਰ ਅਟਾਰੀ, ਆਈ.ਸੀ.ਏ.ਆਰ ਸ਼ਾਮਿਲ ਹੋਏ ਅਤੇ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੀ.ਏ.ਯੂ ਨੇ ਉੱਦਘਾਟਨੀ ਸਮਾਰੋਹ ਦੀ ਅਗਵਾਈ ਕੀਤੀ।
ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਜੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਸਮਝਦਾਰ ਹਨ ਅਤੇ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਨਾਮ ਹੈ। ਪੰਜਾਬ ਦੇ ਕਿਸਾਨਾਂ ਨੇ ਹਰੇ ਇੰਕਲਾਬ ਰਾਂਹੀ ਦੇਸ਼ ਨੂੰ ਭੁੱਖਮਰੀ ਤੋਂ ਨਿਜ਼ਾਤ ਦੁਆਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਕਿਸਾਨਾਂ ਨਾਲ ਬਹੁਤ ਨੇੜਲਾ ਸਬੰਧ ਹੈ। ਯੂਨੀਵਰਸਿਟੀ ਤੁਹਾਡੇ ਤੋਂ ਸਿਖਦੀ ਹੈ ਅਤੇ ਤੁਹਾਨੂੰ ਸਿਖਾਉਦੀ ਹੈ। ਸ੍ਰੀ ਬਦਨੌਰ ਜੀ ਨੇ ਕਿਹਾ ਕਿ ਜਿਵੇਂ ਅਸੀ ਆਪਣੀ ਸਿਹਤ ਦਾ ਧਿਆਨ ਰੱਖਦੇ ਹਾਂ, ਤਿਵੇਂ ਹੀ ਸਾਨੂੰ ਧਰਤੀ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਮਾਰਕਿਟਿੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਐਫ.ਪੀ.À. ਬਣਾਉ ਤਾਂ ਜੋ ਵਧੇਰੇ ਮੁਨਾਫਾ ਪ੍ਰਾਪਤ ਕੀਤਾ ਜਾ ਸਕੇ।
ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਕੇਵਲ ਵਾਤਾਵਰਣ ਹੀ ਦੂਸ਼ਿਤ ਨਹੀਂ ਹੁੰਦਾ, ਸਗੋਂ ਜ਼ਮੀਨ ਵਿਚਲੇ ਅਣਮੋਲ ਖੁਰਾਕੀ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਰਾਲੀ ਨੂੰ ਖੇਤ ਵਿਚ ਹੀ ਰਲਾ ਕੇ ਯੂਨੀਵਰਸਿਟੀ ਦੀ ਸਿਫਾਰਿਸ਼ਾਂ ਅਨੁਸਾਰ ਅਗਲੀ ਬਿਜਾਈ ਕਰਨ ਨਾਲ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ। ਡਾ. ਢਿੱਲੋਂ ਨੇ ਖੇਤੀ ਵਿਭਿਨੰਤਾ ਅਤੇ ਘਰੇਲੂ ਬਗੀਚੀ ਦੇ ਮਾਡਲ ਨੂੰ ਅਪਨਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਪਟਿਆਲਾ ਸਧਿਤ ਬਹਾਦੁਰਗੜ ਫਾਰਮ ਤੋਂ ਫਲਦਾਰ ਬੂਟੇ ਲੈ ਕੇ ਕਿਸਾਨ ਵੀਰ ਆਪਣੇ ਖੇਤਾਂ ਵਿਚ ਲਗਾਉਣ। ਡਾ. ਢਿੱਲੋ ਨੇ ਕਿਹਾ ਕਿ ਝਾੜ ਨਹੀਂ ਸਗੋਂ ਮੁਨਾਫਾ ਵਧਾਉਣ ਵੱਲ ਸੁਚੇਤ ਹੋਈਏ। ਬੀਮਾਰੀਆਂ ਤੋਂ ਬਚਾਅ ਲਈ ਕਿਸਾਨਾਂ ਨੂੰ ਸਮੇਂ ਸਿਰ ਛਿੜਕਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਕਿਸਾਨਾਂ ਤੋਂ ਫੀਡਬੈਕ ਲੈਂਦੀ ਹੈ ਅਤੇ ਆਪਣੀ ਖੋਜ ਨੂੰ ਨਵੀਂ ਦਿਸ਼ਾ ਦਿੰਦੀ ਹੈ।
ਡਾ. ਰਾਜਬੀਰ ਸਿੰਘ, ਡਾਇਰੈਕਟਰ ਅਟਾਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨਵੀਆਂ ਤਕਨੀਕਾਂ ਅਪਨਾਉਣ ਵਿਚ ਸਭ ਤੋਂ ਅੱਗੇ ਹਨ। ਹੁਣ ਪੰਜਾਬ ਦੇ ਕਿਸਾਨਾਂ ਨੂੰ ਮਸ਼ੀਨਾਂ ਰਾਹੀਂ ਪਰਾਲੀ ਦਾ ਹੱਲ ਵੀ ਕਰਨਾ ਚਾਹੀਦਾ ਹੈ ਅਤੇ ਪੰਜਾਬ ਨੂੰ ਪਰਾਲੀ ਦੇ ਧੂੰਏ ਤੋਂ ਮੂਕਤ ਕਰਨਾ ਚਾਹੀਦਾ ਹੈ। ਡਾ. ਰਾਜਬੀਰ ਨੇ ਖਰਚੇ ਘਟਾਉਣ ਅਤੇ ਆਮਦਨੀ ਵਧਾਉਣ ਲਈ ਵੱਖ-ਵੱਖ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਕੇ ਵੀ ਕੇ ਨਾਲ ਜੁੜਨ ਦੀ ਅਪੀਲ ਕੀਤੀ।
ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਵੱਲੋਂ ਇਸ ਮੌਕੇ ਤੇ ਗਵਰਨਰ ਸ੍ਰੀ ਬਦਨੋਰ ਜੀ ਅਤੇ ਡਾ ਰਾਜਬੀਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਮੇਲੇ ਦੇ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ (ਖੋਜ), ਡਾ. ਨਵਤੇਜ ਸਿੰਘ ਬੈਂਸ ਨੇ ਵਿਸੇਸ਼ ਰੂਪ ਵਿੱਚ ਜ਼ਿਕਰ ਕੀਤਾ ਕਿ ਗਵਰਨਰ ਸਾਹਿਬ ਨੇ ਮੇਲਿਆਂ ਵਿੱਚ ਆ ਕੇ ਕਿਸਾਨਾਂ ਅਤੇ ਖੇਤੀ ਵਿਗਿਆਨਆਂ ਦਾ ਮਨੋਬਲ ਵਧਾਇਆ ਹੈ ਤੇ ਪਰਾਲੀ ਨਾ ਸਾੜਨ ਦਾ ਸੰਦੇਸ਼ ਘਰ ਘਰ ਪਹੁੰਚਿਆ ਹੈ।
ਡਾ. ਜਸਕਰਨ ਸਿੰਘ ਮਾਹਲ, ਡਾਇਰੈਕਟਰ ਪਸਾਰ ਸਿੱਖਿਆ ਨੇ ਧੰਨਵਾਦ ਦੇ ਸ਼ਬਦ ਕਹਿਦਿਆਂ ਹੋਇਆਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਚਲਾਏ ਜਾਂਦੇ ਸਿਖਲਾਈ ਕੋਰਸਾਂ ਰਾਹੀਂ ਕਿਸਾਨ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਲੈ ਸਕਦੇ ਹਨ।
ਇਸ ਮੌਕੇ ਤੇ ਰਾਮ ਸਿੰਘ ਅਲਬੇਲਾ ਵੱਲੋਂ ਇੱਕ ਖੂਬਸੂਰਤ ਗੀਤ ਪੇਸ਼ ਕੀਤਾ ਗਿਆ – ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਨਹੀਂ ਬਾਲੀਦਾ, ਹਦੋਂ ਵੱਧ ਜ਼ਹਿਰੀਲਾ ਹੈ ਧੂੰਆਂ ਪਰਾਲੀ ਦਾ।
ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ, ਸੰਗਰੂਰ, ਸਮਰਾਲਾ, ਫਤਿਹਗੜ੍ਹ ਸਾਹਿਬ ਅਤੇ ਖੇਤੀ ਨਾਲ ਸਬੰਧਿਤ ਹੋਰ ਅਦਾਰਿਆਂ ਵੱਲੋਂ 134 ਤੋਂ ਵੱਧ ਸਟਾਲ ਲਗਾਏ ਗਏ। ਇਸ ਤੋਂ ਇਲਾਵਾ 6 ਸਟਾਲ ਸਵੈ-ਸਹਾਇਤਾ ਸਮੂਹਾਂ ਵੱਲੋਂ ਲਗਾਏ ਗਏ। ਜਿਨ੍ਹਾਂ ਵਿਚ ਕਿਸਾਨਾਂ ਨੇ ਭਰਵੀਂ ਰੁਚੀ ਦਿਖਾਈ। ਯੂਨੀਵਰਸਿਟੀ ਵੱਲੋਂ ਕਣਕ ਦੀਆਂ ਊਨੱਤ ਕਿਸਮਾਂ ਪੀ.ਬੀ.ਡਬਲਯੂ 550, ਪੀ.ਬੀ.ਡਬਲਯ 343, ਪੀ.ਬੀ.ਡਬਲਯ 725, ਜੌਂ ਦੀ ਕਿਸਮ ਪੀ ਐਲ 426, ਪੀ ਐਲ 807, ਛੋਲਿਆਂ ਦੀ ਕਿਸਮ ਪੀ ਬੀ ਜੀ 7, ਮਸਰ ਦੀ ਐਲ ਐਲ 931 ਤੋਂ ਇਲਾਵਾ ਤੋਰੀਆ, ਤਾਰਾਮੀਰਾ, ਬਰਸੀਮ, ਜਵੀਂ, ਮਟਰ ਆਦਿ ਦੇ ਸਿਫਾਰਸ਼ ਕੀਤੇ ਸੂਧਰੇ ਬੀਜ ਵੱਡੇ ਗਏ। ਇਸ ਮੌਕੇ ਤੇ ਫਲਦਾਰ ਬੂਟਿਆਂ ਦੇ ਬੀਜ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਵੇਚੀਆਂ ਗਈਆਂ।

Leave a Reply

Your email address will not be published. Required fields are marked *