ਅਕਾਲੀ ਦਲ ਦੀ ਰੈਲੀ ਲਈ ਥਾਂ ਹੋਈ ਅਲਾਟ, ਮਹਿਮਦਪੁਰ ਮੰਡੀ ‘ਚ ਹੋਵੇਗੀ ਰੈਲੀ
ਪਟਿਆਲਾ, 27 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਚ ਰੱਖੀ ਗਈ ਜ਼ਬਰ ਵਿਰੋਧੀ ਰੈਲੀ ਲਈ ਥਾਂ ਨਿਰਧਾਰਿਤ ਹੋ ਗਈ ਹੈ ਤੇ ਇਹ ਰੈਲੀ ਮਹਿਮਦਪੁਰ ਅਨਾਜ ਮੰਡੀ ਵਿਚ ਹੋਵੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਾਰਟੀ ਦੇ ਸਕੱਤਰ ਤੇ ਸੁਖਬੀਰ ਬਾਦਲ ਦੇ ਓ ਐਸ ਡੀ ਸ੍ਰ ਚਰਨਜੀਤ ਸਿੰਘ ਬਰਾੜ, ਸਾਬਕਾ ਮੰਤਰੀ ਤੇ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਰੱਖੜਾ, ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਡਵੋਕੇਟ ਸਤਬੀਰ ਸਿੰਘ ਖੱਟੜਾ ਤੇ ਹੋਰ ਲੀਡਰਸ਼ਿਪ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਮਹਿਮਦਪੁਰ ਮੰਡੀ ਵਾਲੀ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਮਹਿਮਦਪੁਰ ਮੰਡੀ ਵਾਲੀ ਥਾਂ ‘ਤੇ ਰੈਲੀ ਕਰਨ ਵਾਸਤੇ ਸਹਿਮਤੀ ਦਿੱਤੀ ਹੈ। ਉਹਨਾਂ ਦੱਸਿਆ ਕਿ ਸਰਕਾਰ ਦੇ ਜ਼ਬਰ ਖਿਲਾਫ ਹੋਣ ਵਾਲੀ ਰੈਲੀ ਵਿਚ ਸਵਾ ਤੋਂ ਡੇਢ ਲੱਖ ਦੇ ਕਰੀਬ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਹੋਵੇਗਾ।
