ਡੀ.ਸੀ. ਵੱਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਫੌਗਿੰਗ ਕਰਵਾਉਣ ਦੇ ਆਦੇਸ਼
ਹੁਣ ਤੱਕ ਜ਼ਿਲ੍ਹੇ ਵਿੱਚ ਕੀਤੇ 410 ਚਲਾਨ
ਪਟਿਆਲਾ, 5 ਅਕਤੂਬਰ (ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਮਿਊਂਸੀਪਲ ਕਮੇਟੀਆਂ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਡੇਂਗੂ ਦੀ ਰੋਕਥਾਮ ਲਈ ਤੁਰੰਤ ਆਪਣੇ-ਆਪਣੇ ਖੇਤਰਾਂ ਵਿੱਚ ਲਗਾਤਾਰ ਫੌਗਿੰਗ ਕਰਵਾਉਣ ਅਤੇ ਕੋਈ ਵੀ ਅਧਿਕਾਰੀ ਬਿਨਾਂ ਪੂਰਵ ਪ੍ਰਵਾਨਗੀ ਦੇ ਸਟੇਸ਼ਨ ਨਾ ਛੱਡੇ। ਡਿਪਟੀ ਕਮਿਸ਼ਨਰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਡੇਂਗੂ ਦੀ ਸਮੀਖਿਆ ਲਈ ਸਿਹਤ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰੇ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁਦ ਅਚਨਚੇਤ ਚੈਕਿੰਗ ਕਰਕੇ ਇਹ ਪਤਾ ਕਰਨਗੇ ਕਿ ਇਲਾਕੇ ਵਿੱਚ ਫੌਗਿੰਗ ਹੋਈ ਹੈ ਜਾ ਨਹੀਂ ਅਤੇ ਉਹ ਅਧਿਕਾਰੀਆਂ ਦੇ ਸਟੇਸ਼ਨ ‘ਤੇ ਹਾਜ਼ਰ ਰਹਿਣ ਸਬੰਧੀ ਵੀ ਸਮੇਂ-ਸਮੇਂ ‘ਤੇ ਚੈਕਿੰਗ ਕਰਨਗੇ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਆਦਾ ਖਤਰੇ ਵਾਲੇ ਇਲਾਕਿਆਂ ਵਿੱਚ ਫੌਗਿੰਗ ਤੇਜ਼ ਕੀਤੀ ਜਾਵੇ ਅਤੇ ਡੇਂਗੂ ਦਾ ਲਾਰਵਾ ਮਿਲਣ ਵਾਲੇ ਘਰਾਂ ਦੇ ਚਲਾਨ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਘਰਾਂ ਜਾ ਅਦਾਰੇ ਵਿੱਚ ਦੁਬਾਰਾ ਲਾਰਵਾ ਮਿਲਦਾ ਹੈ ਉਨ੍ਹਾਂ ਖਿਲਾਫ਼ ਪੁਲਿਸ ਕੇਸ ਦਰਜ ਕਰਵਾਏ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੇ ਆਲ-ਦੁਆਲੇ ਸਫ਼ਾਈ ਦਾ ਪੂਰਾ ਧਿਆਨ ਰੱਖਣੇ।
ਇਸ ਦੌਰਾਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਘਰ ਅਤੇ ਆਸ-ਪਾਸ ਖੜੇ ਸਾਫ਼ ਪਾਣੀ ਦੇ ਸਰੋਤਾ ਨੂੰ ਸੁੱਕਾ ਰੱਖਿਆ ਜਾਵੇ ਅਤੇ ਘਰ ਅੰਦਰ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟ੍ਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸੁੱਕਾ ਰੱਖਿਆ ਜਾਵੇ ਅਤੇ ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਸਮੇਂ ਆਮ ਤੌਰ ‘ਤੇ ਬਾਂਹਾਂ, ਲੱਤਾਂ, ਗਰਦਨ ਅਤੇ ਕੰਨਾਂ ‘ਤੇ ਕੱਟਦਾ ਹੈ ਇਸ ਲਈ ਡੇਂਗੂ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਅਤੇ ਆਪਣੇ ਘਰ ਦੀਆਂ ਖਿੜਕੀਆਂ ਨੂੰ ਚੰਗੀ ਤਰਾਂ ਬੰਦ ਰੱਖੋਂ।
ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਡੇਂਗੂ ਬੁਖਾਰ ਦੇ ਲੱਛਣ ਦਿਖਦੇ ਹਨ ਤਾਂ ਉਸਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਸਬੰਧੀ ਟੈਸਟ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਕਿਸੇ ਵਿਅਕਤੀ ਨੂੰ ਡੇਂਗੂ ਦੀ ਪੁਸ਼ਟੀ ਹੋ ਜਾਂਦੀ ਹੈ ਉਹ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੇ ਅਤੇ ਜ਼ਿਆਦਾ ਤੋਂ ਜ਼ਿਆਦਾ ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਜੂਸ ਦੀ ਵਰਤੋਂ ਕੀਤੀ ਜਾਵੇ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਦਾ ਲਾਰਵਾ ਮਿਲਣ ‘ਤੇ 41 ਚਲਾਨ ਕੱਟੇ ਗਏ ਹਨ ਅਤੇ ਹੁਣ ਤੱਕ ਕੁੱਲ ਜ਼ਿਲ੍ਹੇ ਵਿੱਚ 410 ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਿਥੇ ਘਰਾਂ ਵਿੱਚ ਜਾਕੇ ਜਾਂਚ ਕਰ ਰਹੀਆਂ ਹਨ ਉਥੇ ਹੀ ਆਮ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾ ਸ਼੍ਰੀਮਤੀ ਜੀਵਨ ਜੋਤ ਕੌਰ, ਨਗਰ ਨਿਗਮ ਸਿਹਤ ਅਫ਼ਸਰ ਡਾ. ਆਦੇਸ਼ ਪ੍ਰਤਾਪ ਸਿੰਘ, ਡਾ. ਗੁਰਮੀਤ ਸਿੰਘ, ਡਾ. ਗੁਰਮਨਜੀਤ ਕੌਰ ਸਮੇਤ ਜ਼ਿਲ੍ਹੇ ਦੇ ਸਮੂਹ ਕਾਰਜਸਾਧਕ ਅਫ਼ਸਰ ਮੌਜੂਦ ਸਨ।

