ਡੇਰਾ ਮੁਖੀ ਵਿਵਾਦ ਕਾਰਨ ਲੱਗੇ ਕਰਫਿਊ ਦੌਰਾਨ ਪੀ. ਆਰ. ਟੀ. ਸੀ. ਦੀ ਪ੍ਰਾਪਰਟੀ ਦੀ ਹਿਫਾਜਤ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜੀ
ਚੇਅਰਮੈਨ ਕੇ. ਕੇ. ਸ਼ਰਮਾ ਤੇ ਐਮ. ਡੀ. ਮਨਜੀਤ ਨਾਰੰਗ ਨੇ ਸਮੁੱਚੇ ਸਟਾਫ ਨੂੰ ਪ੍ਰਸ਼ੰਸ਼ਾ ਪੱਤਰ ਭੇਜੇ
ਪਟਿਆਲਾ, 29 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਡੇਰਾ ਸਿਰਸਾ ਮੁਖੀ ਦੇ ਬਲਾਤਕਾਰ ਮਾਮਲੇ ਵਿਚ ਅਦਾਲਤੀ ਫੈਸਲੇ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਵਿਗੜੇ ਹਾਲਾਤਾਂ ਦੌਰਾਨ ਬੇਸ਼ੱਕ ਪੰਜਾਬ ਵਿਚ ਕਰਫਿਊ ਲੱਗਿਆ ਪਰ ਇਸ ਦੇ ਬਾਵਜੂਦ ਵੀ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪੀ. ਆਰ. ਟੀ. ਸੀ. ਦੀ ਪ੍ਰਾਪਰਟੀ ਅਤੇ ਬੱਸਾਂ ਦੀ ਦਿਨ ਰਾਤ ਹਿਫਾਜਤ ਕੀਤੀ, ਜਿਸ ਕਾਰਨ ਪੀ. ਆਰ. ਟੀ. ਸੀ. ਦੀ ਪ੍ਰਾਪਰਟੀ ਮਹਿਫੂਜ਼ ਰਹੀ।
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੁਸ਼ਤੈਦੀ ਤੇ ਸਿਆਣਪ ਕਾਰਨ ਪੀ. ਆਰ. ਟੀ. ਸੀ. ਦੀ ਕਿਸੇ ਬੱਸ ਅਤੇ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਲਈ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਐਮ. ਡੀ. ਮਨਜੀਤ ਸਿੰਘ ਨਾਰੰਗ ਨੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਭੇਜੇ ਹਨ। ਅਦਾਲਤੀ ਫੈਸਲੇ ਕਾਰਨ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਹਿੰਸਾ ਦੀ ਸੰਭਾਵਨਾ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਵਲੋਂ ਆਪਣੇ ਪੰਜਾਬ ਭਰ ਦੇ ਸਮੁੱਚੇ ਡਿੱਪੂਆਂ ਵਿਚ ਕੰਟਰੋਲ ਰੂਮ ਬਣਾਏ ਗਏ ਸਨ ਅਤੇ ਹੈਡ ਆਫਿਸ ਵਿਚ ਸੈਂਟਰਲ ਕੰਟਰੋਲ ਰੂਮ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਸਮੁੱਚੇ ਡਿੱਪੂਆਂ ਵਿਚ ਕਰਮਚਾਰੀ ਅਤੇ ਅਫਸਰ ਦਿਨ ਰਾਤ ਹਾਜ਼ਰ ਰਹੇ। ਇਸ ਮੁਸ਼ਤੈਦੀ ਕਾਰਨ ਪੀ. ਆਰ. ਟੀ. ਸੀ. ਦਾ ਕੋਈ ਨੁਕਸਾਨ ਨਹੀਂ ਹੋਇਆ। ਅਫਸਰਾਂ ਤੇ ਕਰਮਚਾਰੀਆਂ ਨੂੰ ਭੇਜੇ ਗਏ ਪ੍ਰਸ਼ੰਸ਼ਾ ਪੱਤਰ ਵਿਚ ਕਿਹਾ ਗਿਆ ਹੈ ਕਿ ਬੇਸ਼ੱਕ ਬੱਸਾਂ ਨਾ ਚੱਲਣ ਕਾਰਨ ਪੀ. ਆਰ. ਟੀ. ਸੀ. ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਇਸ
ਗੱਲ ਦੀ ਤਸੱਲੀ ਹੈ ਕਿ ਇਸ ਨਾਜ਼ੁਕ ਸਮੇਂ ਦੌਰਾਨ ਪੀ. ਆਰ. ਟੀ. ਸੀ. ਦੀਆਂ ਬੱਸਾਂ, ਬਿਲਡਿੰਗਾਂ ਅਤੇ ਬੱਸ ਸਟੈਂਡਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਹ ਤਾਂ ਹੀ ਸੰਭਵ ਹੋਇਆ ਹੈ ਕਿ ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ 24 ਘੰਟੇ ਨਿਗਰਾਨੀ ਕੀਤੀ ਅਤੇ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਕੀਤੀ। ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਡਿਊਟੀ ਕਾਰਨ
ਚੇਅਰਮੈਨ ਅਤੇ ਐਮ. ਡੀ. ਨੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਐਮ. ਡੀ. ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਡੇਰਾ ਵਿਵਾਦ ਕਾਰਨ ਪੀ. ਆਰ. ਟੀ. ਸੀ. ਮਜਬੂਰੀਵਸ ਚਾਰ ਦਿਨ ਬੱਸਾਂ ਨਹੀਂ ਚਲਾ ਸਕੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਪੀ. ਆਰ. ਟੀ. ਸੀ. ਮੈਨੇਜਮੈਂਟ ਨੂੰ ਖੇਦ ਹੈ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਨੇ ਹਮੇਸ਼ਾ ਹੀ ਪ੍ਰਾਫਿਟ ਦੀ ਬਜਾਏ ਯਾਤਰੀਆਂ ਦੀ ਸੁਰੱਖਿਆ, ਸਸਤੀ ਅਤੇ ਵਧੀਆ ਟਰਾਂਪੋਰਟੇਸ਼ਨ ਸੁਵਿਧਾ ਮੁਹੱਈਆ ਕਰਵਾਉਣ ਨੂੰ ਤਵੱਜੋ ਦਿੱਤੀ ਹੈ। ਭਵਿੱਖ ਵਿਚ ਵੀ ਪੀ. ਆਰ. ਟੀ. ਸੀ. ਆਪਣੇ ਯਾਤਰੀਆਂ ਨੂੰ ਵਧੀਆ ਟਰਾਂਸਪੋਰਟੇਸ਼ਨ ਸੁਵਿਧਾ ਮੁਹੱਈਆ ਕਰਵਾਉਂਦੀ ਰਹੇਗੀ।

