ਸਾਂਝੇ ਅਧਿਆਪਕ ਮੋਰਚੇ ਨੇ ਨਹੀਂ ਕਬੂਲੀ ਭਗਵੰਤ ਮਾਨ ਤੇ ਹਰਪਾਲ ਚੀਮਾ ਦੀ ਹਮਾਇਤ
ਸਾਂਝੇ ਅਧਿਆਪਕ ਮੋਰਚੇ ਨੇ ਨਹੀਂ ਕਬੂਲੀ ਭਗਵੰਤ ਮਾਨ ਤੇ ਹਰਪਾਲ ਚੀਮਾ ਦੀ ਹਮਾਇਤ
ਸਾਂਝਾ ਅਧਿਆਪਕ ਮੋਰਚੇ ਦਾ ਮਰਨ ਵਰਤ ਦੂਜੇ ਦਿਨ ‘ਚ ਦਾਖਲ
ਧਰਨੇ ਦੀ ਆਪ ਨੂੰ ਹਮਾਇਤ, ਅਧਿਆਪਕ ਆਗੂਆਂ ਨੇ ਕਿਹਾ ਮੁੱਦੇ ਦਾ ਸਿਆਸੀਕਰਨ ਨਹੀਂ ਦੇਵਾਂਗੇ :
ਪਟਿਆਲਾ 8 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਅਧਿਆਪਕਾਂ ਨੇ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਪੱਕੇ ਡੇਰੇ ਲਗਾ ਕੇ ਮਰਨ ਵਰਤ ਸ਼ੁਰੂ ਕੀਤਾ ਹੋਇਆ, ਜੋ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਿਆ ਹੈ।
ਅਧਿਆਪਕਾਂ ਨੂੰ ਹਮਾਇਤ ਦੇਣ ਲਈ ਆਪ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਧਰਨਾ ਸਥਾਨ ‘ਤੇ ਪੁੱਜੇ ਤਾਂ ਅਧਿਆਪਕ ਆਗੂਆਂ ਨੇ ਧਰਨੇ ‘ਚ ਬੈਠਣ ਦਾ ਵਿਰੋਧ ਜਿਤਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਭਗਵੰਤ ਮਾਨ ਅਤੇ ਹਰਪਾਲ ਚੀਮਾ ਆਪਣੇ ਸਾਥੀਆਂ ਨੇ ਧਰਨੇ ‘ਚੋਂ ਜਾਣਾ ਹੀ ਬੇਹਤਰ ਸਮਝਿਆ।
ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਪਰ ਅੱਜ ਸਰਕਾਰ ਘਰ ਵਸਾਉਣ ਦੀ ਬਜਾਏ ਉਜਾੜਦੀ ਨਜ਼ਰ ਆ ਰਹੀ ਹੈ। ਮਾਨ ਨੇ ਕਿਹਾ ਪਹਿਲਾਂ ਹੀ ਸੁਬੇ ਵਿਚ ਰੈਲੀਆ ਦੇ ਨਾਂ ‘ਤੇ ਲੋਕਾਂ ਦਾ ਬੁੱਧੂ ਬਣਾਇਆ ਜਾ ਰਿਹਾ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਕੇ ਅਕਾਲੀ ਦਲ ਅਤੇ ਕਾਂਗਰਸੀ ਆਪੋ ਆਪਣੇ ਵੱਕਾਰ ਦੀ ਲੜਾਈ ਵਿਚ ਲੱਗੀਆਂ ਹੋਈਆਂ ਹਨ।
ਭਗਵੰਤ ਮਾਨ ਨੇ ਆਖਿਆ ਕਿ ਸੂਬੇ ‘ਚ ਨੌਜਵਾਨ ਬੇਰੁਜ਼ਗਾਰ ਦੀ ਮਾਰ ਚੱਲ ਰਹੇ ਹਨ ਅਤੇ ਦੂਜੇ ਪਾਸੇ ਜਿਹੜੇ ਅਧਿਆਪਕ ਅੱਜ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਠੀਕ ਠਾਕ ਤਨਖਾਹਾਂ ਨਾਲ ਕਰ ਰਹੇ ਸਨ ਅੱਜ ਉਨ੍ਹਾਂ ਦੀਆਂ ਤਨਖਾਹਾਂ ‘ਤੇ ਕੱਟ ਮਾਰਕੇ ਜਿਥੇ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਥੇ ਪਰਿਵਾਰਾਂ ਨੂੰ ਉਜਾੜਨ ਵੱਲ ਕੈਪਟਨ ਸਰਕਾਰ ਕਦਮ ਪੁੱਟ ਚੁੱਕੀ ਹੈ।
ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਧਰਨੇ ਨੂੰ ਦਿੱਤੀ ਗਈ ਹਮਾਇਤ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਦਾ ਦਮ ਰੱਖਦੇ ਹਾਂ। ਅਧਿਆਪਕ ਆਗੂਆਂ ਨੇ ਕਿਹਾ ਅਸੀਂ ਮੁੱਦੇ ਦਾ ਸਿਆਸੀਕਰਨ ਨਹੀਂ ਹੋਣ ਦੇਣਾ ਚਾਹੁੰਦੇ, ਜਿਸ ਕਾਰਨ ਅਸੀਂ ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ ਧਰਨੇ ‘ਚ ਨਹੀਂ ਬੈਠਣ ਦਿੱਤਾ। ਅਧਿਆਪਕ ਆਗੂਆਂ ਨੇ ਕਿਹਾ ਆਪ ਵਿਰੋਧੀ ਧਿਰ ਨੂੰ ਸਾਡੇ ਨਾਲ ਹਮਦਰਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਪੱਧਰ ‘ਤੇ ਪੰਜਾਬ ਦੇ ਰਾਜਪਾਲ ਅਤੇ ਸਰਕਾਰ ਨਾਲ ਸਿੱਧੀ ਟੱਕਰ ਲੈ ਕੇ ਜਵਾਬ ਮੰਗਣਾ ਚਾਹੀਦਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਧਰਨੇ ‘ਚ ਵੱਡੀ ਗਿਣਤੀ ‘ਚ ਅਧਿਆਪਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਸਾਡਾ ਸੰਘਰਸ਼ ਇਸੇ ਪੜਾਅ ਅਨੁਸਾਰ ਅੱਗੇ ਚੱਲਦਾ ਰਹੇਗਾ।

