ਪੰਜਾਬਪਟਿਆਲਾ

ਸਿਖਿਆ ਮੰਤਰੀ ਨੂੰ ਬਰਖਾਸਤ ਕਰਾਉਣ ਲਈ ਪੰਜਾਬ ਦੇ ਗਵਰਨਰ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ

ਅਧਿਆਪਕਾਂ ਨਾਲ ਧੱਕੇਸ਼ਾਹੀ ਅਕਾਲੀ ਦਲ ਨਹੀਂ ਕਰੇਗਾ ਬਰਦਾਸ਼ਤ : ਰੱਖੜਾ
ਜ਼ਿਲ੍ਹਾ ਪਟਿਆਲਾ ਦਾ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਅਧਿਆਪਕਾਂ ਦੇ ਹੱਕ ਵਿਚ ਨਿਤਰਿਆ
ਪਟਿਆਲਾ, 15 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮੁੱਖ ਮੰਤਰੀ ਪਟਿਆਲਾ ਦੇ ਸ਼ਹਿਰ ਵਿਚ ਆਪਣੀਆਂ ਪੂਰੀਆਂ ਤਨਖ਼ਾਹਾਂ ਲੈਣ ਲਈ ਚੱਲ ਰਹੇ ਅਧਿਆਪਕਾਂ ਦੇ ਧਰਨੇ ਨੂੰ ਅੱਜ ਉਸ ਮੌਕੇ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਸਮੁੱਚੇ ਜ਼ਿਲ੍ਹੇ ਦੇ ਹਲਕਾ ਇੰਚਾਰਜ ਅਤੇ ਅਕਾਲੀ ਨੇਤਾ ਅਧਿਆਪਕਾਂ ਦੇ ਧਰਨੇ ਵਿਚ ਡਟ ਗਏ, ਕਈ ਘੰਟੇ ਅਕਾਲੀ ਨੇਤਾ ਅਧਿਆਪਕਾਂ ਦੇ ਧਰਨੇ ਵਿਚ ਧਰਨਾਕਾਰੀਆਂ ਵਾਂਗ ਬੈਠੇ ਤੇ ਐਲਾਨ ਕੀਤਾ ਕਿ ਅਧਿਆਪਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ। ਰੱਖੜਾ ਨੇ ਕਿਹਾ ਕਿ ਪੰਜਾਬ ਦੇ ਸਿਖਿਆ ਮੰਤਰੀ ਨੂੰ ਬਰਦਾਸ਼ਤ ਕਰਾਉਣ ਲਈ ਅਕਾਲੀ ਦਲ ਦਾ ਵਫਦ ਪੰਜਾਬ ਦੇ ਗਵਰਨਰ ਨੂੰ ਮਿਲੇਗਾ।

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੜ੍ਹੀ ਲਿਖੀ ਜਮਾਤ ਨੂੰ ਸੜਕਾਂ ‘ਤੇ ਰੋਲਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਇਹ ਕਿੱਥੇ ਦਾ ਕਾਨੂੰਨ ਹੈ ਕਿ ਪੰਜਾਹ ਹਜ਼ਾਰ ਰੁਪਏ ਵਾਲੇ ਅਧਿਆਪਕ ਨੂੰ 15 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ। ਰੱਖੜਾ ਨੇ ਆਖਿਆ ਕਿ ਦੁਨੀਆ ਦਾ ਦਸਤੂਰ ਹੈ ਕਿ ਜਦੋਂ ਵੀ ਕੋਈ ਕੱਚਾ ਮੁਲਾਜ਼ਮ ਪੱਕਾ ਹੁੰਦਾ ਹੈ ਤਾਂ ਉਸਦੀ ਤਨਖਾਹ ਵਧਦੀ ਹੈ ਪਰ ਪੰਜਾਬ ਸਰਕਾਰ ਉਲਟੀ ਗੰਗਾ ਵਹਾਅ ਰਹੀ ਹੈ।
ਸੁਰਜੀਤ ਰੱਖੜਾ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਹਰ ਵਰਗ ਨਾਲ ਧੱਕਾ ਕੀਤਾ ਹੈ। ਉਨ੍ਹਾਂ ਆਖਿਆ ਕਿ ਚਾਹੀਦਾ ਇਹ ਸੀ ਕਿ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਤਾਂ ਜੋ ਇਹ ਸਾਡੇ ਪੰਜਾਬ ਦੇ ਬੱਚਿਆਂ ਨੂੰ ਸਹੀ ਵਿੱਦਿਆ ਦੇ ਸਕਦੇ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਸ ਕੇਸ ਨੂੰ ਗੰਭੀਰ ਹੋ ਕੇ ਆਪ ਹੈਂਡਲ ਕਰਨ ਅਤੇ ਸੱਚ ਪਤਾ ਕਰਨ। ਉਨ੍ਹਾਂ ਆਖਿਆ ਕਿ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਮੁੱਖ ਮੰਤਰੀ ਨੂੰ ਗੁਮਰਾਹ ਕਰ ਰਹੇ ਹਨ ਕਿ 94 ਪ੍ਰਤੀਸ਼ਤ ਅਧਿਆਪਕ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਮੰਨਣ ਨੂੰ ਤਿਆਰ ਹਨ ਪਰ ਹਾਲਾਤ ਇਸ ਤੋਂ ਉਲਟ ਹਨ। ਅਸਲ ਵਿਚ 100 ਫੀਸਦੀ ਅਧਿਆਪਕ ਹੀ ਸਰਕਾਰ ਦੇ ਖਿਲਾਫ਼ ਹਨ।
ਰੱਖੜਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਜਿੱਥੇ ਵਿਧਾਨ ਸਭਾ ਵਿਚ ਉਠਾਏਗਾ ਉੱਥੇ ਇਸ ਮਾਮਲੇ ਨੂੰ ਦੇਸ਼ ਦੇ ਸਿੱਖਿਆ ਮੰਤਰੀ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਸਿੱਖਿਆ ਵਿਭਾਗ ‘ਤੇ ਸਿਕੰਜਾ ਕਸਿਆ ਜਾਵੇ। ਉਨ੍ਹਾਂ ਆਖਿਆ ਕਿ ਅੱਜ ਇਸ ਧਰਨੇ ਵਿਚ ਹਲਕਾ ਨਾਭਾ ਦੇ ਇੰਚਾਰਜ ਕਬੀਰ ਦਾਸ, ਹਲਕਾ ਘਨੌਰ ਤੋਂ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਖੱਟੜਾ, ਹਲਕਾ ਸੁਤਰਾਣਾ ਦੇ ਇੰਚਾਰਜ ਬੀਬੀ ਲੂੰਬਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਕੱਤਰ ਜਨਰਲ ਨਰਦੇਵ ਸਿੰਘ ਆਕੜੀ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਨਿਰਮਲ ਸਿੰਘ ਹਰਿਆਊ ਐਸ ਜੀ ਪੀ ਸੀ ਮੈਂਬਰ,ਗੋਸਾ ਢੀਂਡਸਾ ਸਰਪੰਚ ਸਮੇਤ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਹੋਈ ਸੀ। ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਅਧਿਆਪਕਾਂ ਦੀ ਸੁਣਵਾਈ ਨਾ ਕੀਤੀ ਤਾਂ ਅਕਾਲੀ ਦਲ ਆਪ ਧਰਨੇ ਲਗਾਏਗਾ।

Leave a Reply

Your email address will not be published. Required fields are marked *