ਪਟਿਆਲਾ

ਬਾਲਮੀਕ ਚੇਅਰ ਵੱਲੋਂ ਬਾਲਮੀਕ ਜਯੰਤੀ ਦੇ ਮੌਕੇ ਪ੍ਰੋਗਰਾਮ

ਪਟਿਆਲਾ 24 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਬਾਲਮੀਕ ਚੇਅਰ ਵੱਲੋਂ ਬਾਲਮੀਕ ਜਯੰਤੀ ਦੇ ਮੌਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮਹਾਂਰਿਸ਼ੀ ਬਾਲਮੀਕ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ।

ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਇਸ ਪ੍ਰੋਗਰਾਮ ਵਿਚ ਉਚੇਚੇ ਰੂਪ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨਾਲ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ, ਡਾਇਰੈਕਟਰ, ਮਨੁੱਖੀ ਸ਼ਰੋਤ ਵਿਕਾਸ ਕੇਂਦਰ ਡਾ. ਯੋਗਰਾਜ ਸਿੰਘ ਵੀ ਪਹੁੰਚੇ। ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਮੰਤਰ ਉਚਾਰਨ ਦੀ ਧੁਨ ਵਿਚ ਸਭਨਾਂ ਵੱਲੋਂ ਬਾਲਮੀਕ ਜੀ ਦੀ ਤਸਵੀਰ ਨੂੰ ਫੁੱਲ ਮਾਲ਼ਾ ਭੇਂਟ ਕੀਤੀ ਗਈ। ਯੂਨੀਵਰਸਿਟੀ ਅਧਿਕਾਰੀਆਂ ਤੋਂ ਇਲਾਵਾ ਬਾਲਮੀਕ ਸਭਾ ਪਟਿਆਲਾ ਤੋਂ ਸ਼੍ਰੀ ਜਤਿੰਦਰ ਰਾਜੀ ਵੀ ਇਸ ਮੌਕੇ ਪੁੱਜੇ ਹੋਏ ਸਨ।
ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਬਾਲਮੀਕ ਜੀ ਦੇ ਜੀਵਨ ਅਤੇ ਰਚਨਾਵਾਂ ਸੰਬੰਧੀ ਅਧਿਐਨ ਕੀਤਿਆਂ ਪਤਾ ਚਲਦਾ ਹੈ ਕਿ ਭਾਰਤੀ ਸੰਸਕ੍ਰਿਤੀ ਨੇ ਦੁਨੀਆਂ ਭਰ ਤੇ ਰਾਜ ਕੀਤਾ ਹੈ। ਅਸੀਂ ਅਧਿਆਤਮਕ ਤੌਰ ਤੇ ਕਿੰਨੇ ਅਮੀਰ ਹਾਂ। ਉਨ੍ਹਾਂ ਕਿਹਾ ਇਸ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਬਾਲਮੀਕ ਜੀ ਨਾਲ ਸੰਬੰਧਤ ਸਮੂਹ ਤੱਥਾਂ ਸੰਬੰਧੀ ਨਿੱਠ ਕੇ ਅਧਿਐਨ ਕੀਤਾ ਜਾਵੇ। ਚੇਅਰ ਮੁਖੀ ਸੁਖਵਿੰਦਰ ਕੌਰ ਬਾਠ ਵੱਲੋਂ ਇਸ ਸੰਬੰਧ ਵਿਚ ਸੁਝਾਏ ਗਏ ਦੋ ਪ੍ਰਾਜੈਕਟਾਂ ਬਾਰੇ ਵੀ ਡਾ. ਘੁੰਮਣ ਵੱਲੋਂ ਸਹਿਮਤੀ ਦਿੱਤੀ ਗਈ ਪਰ ਨਾਲ ਹੀ ਉਨ੍ਹਾਂ ਬਾਲਮੀਕ ਸਭਾ ਪਟਿਆਲਾ ਦੇ ਨੁਮਾਇੰਦਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਚੇਅਰ ਨੂੰ ਸਰਕਾਰ ਵੱਲੋਂ ਵਿੱਤੀ ਮਦਦ ਦਿਵਾਉਣ ਤਾਂ ਕਿ ਵੱਡੇ ਪੱਧਰ ਤੇ ਖੋਜ ਕਾਰਜ ਆਰੰਭੇ ਜਾ ਸਕਣ।
ਪ੍ਰੋਗਰਾਮ ਵਿਚ ਚੇਅਰ ਮੁਖੀ ਡਾ. ਸੁਖਵਿੰਦਰ ਕੌਰ ਬਾਠ ਤੋਂ ਇਲਾਵਾ ਸਾਬਕਾ ਮੁਖੀ ਡਾ.ਇੰਦਰਮੋਹਨ ਸਿੰਘ ਅਤੇ ਸੰਸਕ੍ਰਿਤ ਵਿਭਾਗ ਦੇ ਅਧਿਆਪਕ ਡਾ. ਪੁਸ਼ਪਿੰਦਰ ਜੋਸ਼ੀ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਹੋਰਨਾਂ ਤੋਂ ਇਲਾਵਾ ਡਾ. ਗੁਰਨਾਮ ਵਿਰਕ, ਡਾ. ਨੀਤੂ ਕੌਸ਼ਲ ਅਤੇ ਡਾ. ਰਜਨੀ ਪ੍ਰਤਾਪ ਇਸ ਮੌਕੇ ਹਾਜ਼ਰ ਸਨ।

Leave a Reply

Your email address will not be published. Required fields are marked *