ਦੇਸ਼-ਵਿਦੇਸ਼ਪੰਜਾਬ

ਸੀ.ਬੀ.ਆਈ. ਵਿਵਾਦ ਦੀ ਐਸਆਈਟੀ ਕਰੇਗੀ ਮਾਮਲੇ ਦੀ ਜਾਂਚ : ਜੇਤਲੀ

ਸੀ. ਬੀ. ਆਈ. ਚੀਫ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜ ਦਿੱਤਾ
ਜੁਆਇੰਟ ਡਾਇਰੈਕਟਰ ਐਮ. ਨਗੇਸ਼ਵਰ ਰਾਓ ਸੀ.ਬੀ.ਆਈ. ਦੇ ਅੰਤਰਿਮ ਡਾਇਰੈਕਟਰ ਬਣੇ
ਨਵੀਂ ਦਿੱਲੀ, 24 ਅਕਤੂਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਸੀ.ਬੀ.ਆਈ. ‘ਚ ਚਲ ਰਹੇ ਵਿਵਾਦ ‘ਤੇ ਪਹਿਲੀ ਬਾਰ ਸਰਕਾਰ ਵੱਲੋਂ ਬਿਆਨ ਸਾਹਮਣੇ ਆਇਆ ਹੈ। ਸੀ. ਬੀ. ਆਈ. ਵਿਵਾਦ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।

ਜੇਤਲੀ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਸੀ.ਬੀ.ਆਈ. ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ। ਇਸ ਲਈ ਇਸ ਦਾ ਸਨਮਾਨ ਬਣਿਆ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਸੀ.ਬੀ.ਆਈ. ਦੀ ਇਕਸਾਰਤਾ ਬਹੁਤ ਜ਼ਰੂਰੀ ਹੈ। ਇਸ ਲਈ ਦੇਸ਼ ਦੇ ਅੰਦਰ ਵੀ ਹਰ ਇਕ ਵੱਡੇ ਮਾਮਲੇ ਦੀ ਜਾਂਚ ਲਈ ਸੀ.ਬੀ.ਆਈ. ਨੂੰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਅਰੁਣ ਜੇਤਲੀ ਨੇ ਕਿਹਾ ਕਿ ਸੀ.ਬੀ.ਆਈ. ‘ਚ ਮੰਦਭਾਗੀ ਸਥਿਤੀ ਪੈਦਾ ਹੋ ਗਈ ਹੈ ਜਦੋਂ ਸੀ.ਬੀ.ਆਈ. ਦੇ ਦੋ ਵੱਡੇ ਅਧਿਕਾਰੀ ਇਕ ਦੂਜੇ ‘ਤੇ ਦੋਸ਼ ਲੱਗਾ ਰਹੇ ਹਨ ਇਸ ਲਈ ਪਾਰਦਰਸ਼ਤਾ ਜ਼ਰੂਰੀ ਹੈ ਤਾਂ ਜੋ ਦੋਨਾਂ ਅਧਿਕਾਰੀਆਂ ਵੱਲੋਂ ਇਕ ਦੂਜੇ ‘ਤੇ ਲਗਾਏ ਦੋਸ਼ਾਂ ਦੀ ਜਾਂਚ ਹੋ ਸਕੇ। ਸੀ. ਬੀ. ਆਈ. ਵੀ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ ਹੈ ਅਤੇ ਨਾ ਹੀ ਸਰਕਾਰ ਇਸ ਦੀ ਜਾਂਚ ਕਰੇਗੀ। ਕੇਂਦਰੀ ਚੌਕਸੀ ਕਮਿਸ਼ਨ ਦੀ ਨਿਗਰਾਨੀ ਵਿਚ ਐੱਸ. ਆਈ. ਟੀ. ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਜੇਤਲੀ ਨੇ ਕਿਹਾ ਕਿ ਅਸੀਂ ਸੀ. ਬੀ. ਆਈ. ਦੇ ਅਧਿਕਾਰੀਆਂ ‘ਚੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਮੰਨ ਰਹੇ ਹਾਂ। ਕਾਨੂੰਨ ਮੁਤਾਬਕ ਜਦੋਂ ਤਕ ਜਾਂਚ ਪੂਰੀ ਨਹੀਂ ਹੋ ਜਾਂਦੀ, ਇਸ ਲਈ ਅਧਿਕਾਰੀਆਂ ਨੂੰ ਛੁੱਟੀ ‘ਤੇ ਭੇਜ ਗਿਆ ਹੈ। ਜੇਕਰ ਜਾਂਚ ‘ਚ ਉਹ ਬੇਕਸੂਰ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਦੀ ਵਾਪਸੀ ਹੋ ਜਾਵੇਗੀ। ਇੱਥੇ ਦੱਸ ਦੇਈਏ ਰਿਸ਼ਵਤ ਕਾਂਡ ਮੁੱਦੇ ਨੂੰ ਲੈ ਕੇ ਸੀ. ਬੀ. ਆਈ. ਦੇ ਸੀਨੀਅਰ ਅਧਿਕਾਰੀਆਂ ‘ਚ ਜੰਗ ਚਲ ਰਹੀ ਹੈ, ਜਿਸ ਕਾਰਨ ਏਜੰਸੀ ਦੀ ਕਿਰਕਿਰੀ ਹੋ ਰਹੀ ਹੈ। ਇਸ ਵਿਵਾਦ ਦਰਮਿਆਨ ਕੇਂਦਰ ਨੇ ਸਖਤ ਕਾਰਵਾਈ ਕਰਦੇ ਹੋਏ ਸੀ. ਬੀ. ਆਈ. ਚੀਫ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ। ਇਸ ਹਾਲਾਤ ਵਿਚ ਜੁਆਇੰਟ ਡਾਇਰੈਕਟਰ ਨਾਗੇਸ਼ਵਰ ਰਾਵ ਨੂੰ ਸੀ. ਬੀ. ਆਈ. ਦਾ ਅੰਤਰਿਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਨਾਗੇਸ਼ਵਰ ਨੇ ਬੁੱਧਵਾਰ ਦੀ ਸਵੇਰ ਨੂੰ ਹੀ ਆਪਣਾ ਕਾਰਜਭਾਰ ਸੰਭਾਲਿਆ। ਨਾਗੇਸ਼ਵਰ ਨੇ ਅਹੁਦਾ ਸੰਭਾਲਦੇ ਹੀ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ ਅਸਥਾਨਾ ਅਤੇ ਕਈ ਹੋਰਨਾਂ ਵਿਰੁੱਧ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਐਫ. ਆਈ. ਆਰ. ਦਰਜ ਕਰਵਾਈ ਸੀ। ਕੁਰੈਸ਼ੀ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਵਰਮਾ ਅਤੇ ਅਸਥਾਨਾ ਵਿਚਾਲੇ ਵਿਵਾਦ ਹੋ ਡੂੰਘਾ ਹੋ ਗਿਆ ਹੈ। ਇਸ ਸਿਲਸਿਲੇ ਵਿਚ ਸੀ. ਬੀ. ਆਈ. ਨੇ ਆਪਣੇ ਹੀ ਡੀ. ਐਸ. ਪੀ. ਦੇਵੇਂਦਰ ਕੁਮਾਰ ਨੂੰ ਗ੍ਰਿਫਤਾਰ ਵੀ ਕੀਤਾ ਹੈ। ਮੰਗਲਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਸੀ. ਬੀ. ਆਈ. ਨੂੰ ਦੇਵੇਂਦਰ ਕੁਮਾਰ ਨੂੰ 7 ਦਿਨਾਂ ਤਕ ਹਿਰਾਸਤ ਵਿਚ ਰੱਖ ਕੇ ਪੁੱਛ-ਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ।

Leave a Reply

Your email address will not be published. Required fields are marked *