ਸ਼੍ਰੋਮਣੀ ਕਮੇਟੀ ਵੱਲੋਂ ਡਾ. ਕਿਰਪਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਵੱਡਾ ਮਾਰਕਾ
ਪਟਿਆਲਾ 10 ਨਵੰਬਰ (ਮਧੂਸਾਰ ਬਿਊਰੋ) ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਉਪਾਧੀ ਦੇ ਕੇ ਸਨਮਾਨਿਆ ਗਿਆ, ਉਹ ਵੀ ਉਦੋਂ ਜਦ ਸ. ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ, ਪਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਵਿਦਵਾਨ ਦੀਆਂ ਸੇਵਾਵਾਂ ਖ਼ਤਮ ਕਰਕੇ ਇਕ ਵੱਡਾ ਮਾਰਕਾ ਮਾਰਨ ਦਾ ਵੱਡਾ ਐਲਾਨ ਕਰ ਦਿੱਤਾ ਗਿਆ, ਜੋ ਅਕਾਲੀ ਦਲ ਦੀ ਬੇੜੀ ‘ਚ ਵੱਟੇ ਪਾਉਣ ਤੋਂ ਵੱਧ ਕੁਝ ਵੀ ਨਹੀਂ ਹੈ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਿੱਖ ਇਤਿਹਾਸਕਾਰ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਐਲਾਨ ਕਰਨ ਤੋ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਖੁਦ ਵੋਟਾਂ ਮੰਗਣ ਲਈ ਡੇਰਾ ਸਿਰਸਾ ਗਏ, ਜਿਨਾਂ ਨੂੰ ਸ੍ਰੀ ਅਕਾਲ ਤਖਤ ਤੋਂ ਖੁਦ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਸੀ। ਖ਼ੈਰ ਜਦ ਹਾਲਾਤ ਬਦਲਦੇ ਹਨ ਤਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਥੇਦਾਰ ਬਣ ਕੇ ਦੂਸਰਿਆਂ ਨੂੰ ਤਲਬ ਕਰਨ ਵਾਲੇ, ਖੁਦ ਵੀ ਤਲਬ ਹੋ ਚੁੱਕੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹੋਣ, ਪਰ ਸ਼੍ਰੋਮਣੀ ਕਮੇਟੀ ਲਈ ਡਾ. ਕਿਰਪਾਲ ਸਿੰਘ ਵੱਲੋਂ ਕੀਤੇ ਕੰਮਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕੇਗਾ। ਡਾ. ਕਿਰਪਾਲ ਸਿੰਘ ਇਕੋ ਇਕ ਅਜਿਹੇ ਸਿੱਖ ਇਤਿਹਾਸਕਾਰ, ਸਿੱਖ ਚਿੰਤਕ, ਸਿੱਖ ਬੁੱਧਜੀਵੀ ਹਨ, ਜਿਨ੍ਹਾਂ ਦੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਹਿਮਾ ਕਰਦੇ ਨਹੀਂ ਸੀ ਥੱਕਦੇ, ਅੱਜ ਸਿੱਖ ਇਤਿਹਾਸਕਾਰ ਦੀਆਂ ਸੇਵਾਵਾਂ ਏਸ ਕਰਕੇ ਖਤਮ ਕਰ ਦਿੱਤੀਆਂ ਗਈਆਂ ਕਿ ਸਕੂਲ ਸਿੱਖਿਆ ਬੋਰਡ ਦੀ ਪੁਸਤਕ ‘ਚ ਸਿੱਖ ਇਤਿਹਾਸ ਨਾਲ ਕੀਤੀ ਛੇੜਛਾੜ ਨੂੰ ਦਰੁਸਤ ਕਰਨ ਲਈ ਕੈਪਟਨ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਡਾ. ਕਿਰਪਾਲ ਸਿੰਘ ਅਤੇ, ਜੀ ਐਸ ਗਰੇਵਾਲ ਦੀ ਅਗਵਾਈ ‘ਚ ਇਕ ਕਮੇਟੀ ਗਠਿਤ ਕੀਤੀ । ਪੁਸਤਕ ਜਾਰੀ ਹੋਣ ਤੋਂ ਪਹਿਲੋਂ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦੇ ਵੀ ਸਿਲੇਬਸ ਕਮੇਟੀ ‘ਚ ਸ਼ਾਮਲ ਸਨ। ਘਟਨਾਕ੍ਰਮ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਨੇ ਆਪਣੇ ਦੋਵੇਂ ਮੈਂਬਰ ਮੁੜ ਹਟਾਉਣ ਮਗਰੋਂ ਡਾ. ਕਿਰਪਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫੈਸਲਾ ਭਾਵੇਂ ਸੁਣਾ ਦਿੱਤਾ, ਪਰ ਕਾਹਲ ‘ਚ ਕੀਤੇ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਵਾਲਾਂ ਦੇ ਕਟਹਿਰੇ ‘ਚ ਖੜੀ ਨਜ਼ਰ ਆਉਣ ਲੱਗ ਪਈ ਹੈ ।

