ਬਿਜਲੀ ਕਾਮੇ 15 ਨਵੰਬਰ ਨੂੰ ਬਿਜਲੀ ਮੰਤਰੀ ਪੰਜਾਬ ਵਿਰੁੱਧ ਪਿੰਡ ਕਾਂਗੜ ਵਿਖੇ ਸੁਬਾਈ ਪੱਧਰ ਦਾ ਰੋਸ ਪ੍ਰਦਰਸ਼ਨ ਕਰਨਗੇ
ਪਟਿਆਲਾ 12 ਨਵੰਬਰ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ 15 ਨਵੰਬਰ ਨੂੰ ਪਿੰਡ ਕਾਂਗੜ ਵਿਖੇ ਸੂਬਾ ਪੱਧਰ ਦਾ ਰੋਸ ਪ੍ਰਦਰਸ਼ਨ ਕਰਨਗੀਆਂ ਜਿਸ ਸਬੰਧੀ ਸਮੁੱਚੇ ਸੂਬੇ ਅੰਦਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਕੋਨੇ-ਕੋਨੇ ਤੋਂ ਇਸ ਧਰਨੇ ਵਿੱਚ ਹਜਾਰਾਂ ਬਿਜਲੀ ਕਾਮੇ ਸ਼ਮੂਲੀਅਤ ਕਰਨਗੇ।
ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਅੱਜ ਇੱਥੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸਰਬ ਸਾਥੀ ਕੁਲਦੀਪ ਸਿੰਘ ਖੰਨਾ, ਕਰਮ ਚੰਦ ਭਾਰਦਵਾਜ, ਜੈਲ ਸਿੰਘ, ਹਰਭਜਨ ਸਿੰਘ, ਬ੍ਰਿਜ ਲਾਲ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ ਸੰਧੂ, ਵਿਜੇ ਕੁਮਾਰ ਸ਼ਰਮਾ, ਰਣਧੀਰ ਸਿੰਘ ਪਾਤੜਾਂ, ਕਰਮ ਚੰਦ ਖੰਨਾ, ਜਗਜੀਤ ਸਿੰਘ ਲਹਿਰਾ, ਬਲਵਿੰਦਰ ਸਿੰਘ ਸੰਧੂ ਅਤੇ ਸਿਕੰਦਰ ਨਾਥ ਨੇ ਕਿਹਾ ਕਿ ਬਿਜਲੀ ਮੰਤਰੀ ਪੰਜਾਬ ਅਤੇ ਪਾਵਰ ਮੈਨੇਜਮੈਂਟ ਵੱਲੋਂ 20 ਸਤੰਬਰ ਨੂੰ ਜੁਆਇੰਟ ਫੋਰਮ ਨੂੰ ਮੀਟਿੰਗ ਵਿੱਚ ਦਿੱਤੇ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਬਿਜਲੀ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਤੋਂ ਬਾਅਦ ਤੁਰੰਤ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਨਾਲ ਗੱਲ ਕਰਕੇ ਮਸਲਿਆਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਜੋ ਕਿ ਅੱਜ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਅਤੇ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ। ਮੁਲਾਜਮ ਮੰਗਾਂ ਜਿਵੇਂ ਮਿਤੀ 1-12-2011 ਤੋਂ ਬਿਜਲੀ ਮੁਲਾਜਮਾਂ ਨੂੰ ਪੇ-ਬੈਂਡ ਦੇਣ, 23 ਸਾਲਾ ਦੀ ਸੇਵਾ ਬਾਅਦ ਬਿਨਾਂ ਸ਼ਰਤ ਸਮੁੱਚੇ ਕਾਮਿਆਂ ਨੂੰ ਤਰੱਕੀ ਵਾਧਾ ਦੇਣ, ਵਰਕਚਾਰਜ ਅਤੇ ਆਰ.ਟੀ.ਐਮ. ਤੋਂ ਸ.ਲ.ਮ. ਦੀ ਤਰੱਕੀ, ਕੰਟਰੈਕਟ ਕਾਮੇ ਪੱਕੇ ਕਰਨ, ਥਰਮਲ ਮੁਲਾਜਮਾਂ ਦੀਆਂ ਮੰਗਾਂ ਅਤੇ ਤਰੱਕੀਆਂ, ਰੋਪੜ ਅਤੇ ਬਠਿੰਡਾ ਥਰਮਲ ਦੇ ਬੰਦ ਕੀਤੇ ਯੂਨਿਟ ਚਲਾਉਣ, ਕੰਟਰੈਕਟ ਲ.ਮ./ਐਸ.ਐਸ.ਏ. ਨੂੰ ਰੈਗੂਲਰ ਸਕੇਲ ਦੇਣ, ਕਲੈਰੀਕਲ ਅਤੇ ਟੈਕਨੀਕਲ ਕਾਮਿਆਂ ਦੀ ਨਵੀਂ ਭਰਤੀ ਕਰਨ, ਖਾਲੀ ਅਸਾਮੀਆਂ ਭਰਨ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਯੋਗਤਾ ਅਨੁਸਾਰ ਨੌਕਰੀ ਤੇ ਰੱਖਣ ਆਦਿ 28 ਨੁਕਾਤੀ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਪੰਜਾਬ ਵੱਲੋਂ ਦਿੱਤੇ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਅਤੇ ਲਗਾਤਾਰ ਟਾਲ ਮਟੋਲ ਦੀ ਨੀਤੀ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ। ਜਿਸ ਕਰਕੇ 15 ਨਵੰਬਰ ਨੂੰ ਪਿੰਡ ਕਾਂਗੜ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਮੈਨੇਜਮੈਂਟ ਨੂੰ ਤਾੜਨਾ ਕੀਤੀ ਕਿ ਜੇਕਰ ਮੰਨੀਆਂ ਮੰਗਾਂ ਜਲਦੀ ਲਾਗੂ ਨਾਂ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

