ਚੀਫ ਖਾਲਸਾ ਦੀਵਾਨ ਦੀ ਸ਼ਾਖ ਬਹਾਲ ਕਰਨ ਲਈ ਨਗਾਰੇ ‘ਤੇ ਮੋਹਰ ਲਾ ਕੇ ਪੰਥਪ੍ਰਸਤਾਂ ਨੂੰ ਜਿਤਾਓ: ਮਜੀਠਾ, ਅਣਖੀ
ਅਮ੍ਰਿਤਸਰ 13 ਨਵੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸਾਬਕਾ ਮੈਬਰ ਪਾਲੀਮੈਟ ਅਤੇ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਚਾਂਸਲਰ ਰਾਜਮਹਿੰਦਰ ਸਿੰਘ ਮਜੀਠਾ ਅਤੇ ਚੀਫ ਖਾਲਸਾ ਦੀਵਾਨ ਤੇ ਖਾਲਸਾ ਕਾਲਜ ਕਮੇਟੀ ਦੇ ਸਾਬਕਾ ਆਨਰੇਰੀ ਸਕਤਰ ਭਾਗ ਸਿੰਘ ਅਣਖੀ ਨੇ ਚੀਫ ਖਾਲਸਾ ਦੀਵਾਨ ਦੀ ਸਾਖ ਬਹਾਲ ਕਰਨ ਲਈ ਦੋ ਦਸੰਬਰ ਨੂੰ ਨਗਾਰੇ ‘ਤੇ ਮੋਹਰ ਲਗਾ ਕੇ ਪੰਥਪ੍ਰਸਤ ਸ਼ਖਸੀਅਤਾਂ ਨੂੰ ਵਡੀ ਜਿਤ ਦਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਦੀਵਾਨ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਹੈ।
ਇਸ ਦਾ ਸ਼ਾਨਾਮਤਾ ਇਤਿਹਾਸ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬੀਤੇ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਕੁਝ ਆਗੂਆਂ ਦੇ ਕਿਰਦਾਰ ‘ਚ ਆਏ ਨਿਘਾਰ ਕਾਰਨ ਇਸ ਕੌਮੀ ਸੰਸਥਾ ਦੇ ਅਕਸ ਅਤੇ ਰੁਤਬੇ ਨੂੰ ਬਹੁਤ ਵਡੀ ਢਾਹ ਲਗੀ ਹੈ, ਜਿਸ ਨੇ ਸਿੱਖ ਪੰਥ ਨੂੰ ਗਹਿਰੀ ਨਿਰਾਸ਼ਤਾ ਦਿਵਾਈ ਹੈ। ਉਹਨਾਂ ਕਿਹਾ ਕਿ ਸਾਡਾ ਫਰਜ ਨੌਜਵਾਨ ਪੀੜੀ ਨੂੰ ਇਖਲਾਕ, ਸਿੱਖੀ ਰਹੁ ਰੀਤਾਂ, ਚੱਜ ਆਚਾਰ ਅਤੇ ਵਿਰਸੇ ਨਾਲ ਜੋੜਣਾ ਬਣਦਾ ਸੀ। ਸਾਡੇ ਲਈ ਇਸਤਰੀ ਵਰਗ ਨੁਮਾਇਸ਼ ਦੀ ਵਸਤੂ ਨਾ ਹੋ ਕੇ ਬੀਬੀ ਭਾਨੀ ਜੀ ਤੇ ਮਾਈ ਭਾਗੋ ਜੀ ਆਦਿ ਦੇ ਵਾਰਸ ਹਨ। ਦੀਵਾਨ ਦੀ ਸਾਖ ਨੂੰ ਲਗੇ ਖੋਰੇ ਦੀ ਭਰਪਾਈ ਸਖਤ ਫੈਸਲਿਆਂ ਅਤੇ ਠੋਸ ਕਦਮ ਚੁੱਕੇ ਬਿਨਾ ਸੰਭਵ ਨਹੀਂ। ਅੱਜ ਸਾਡੇ ਕੋਲ ਉਸ ਨਿਰਾਸ਼ਤਾ ਤੋਂ ਉਭਰਨ ਅਤੇ ਦੀਵਾਨ ਦੇ ਧਾਰਮਿਕ- ਵਿਦਿਅਕ ਏਜੰਡੇ ਨੂੰ ਮੁੜ ਸੁਰਜੀਤ ਕਰਨ ਦਾ ਸੁਨਹਿਰੀ ਮੌਕਾ ਹੈ।
ਉਹਨਾਂ ਕਿਹਾ ਕਿ ਦੀਵਾਨ ਦੇ ਵਕਾਰ ਨੂੰ ਮੁੜ ਪੈਰਾਂ ਸਿਰ ਖੜਾ ਕਰਦਿਆਂ ਇਸ ਦੀ ਖੁਰ ਰਹੀ ਪਛਾਣ ਨੂੰ ਮੁੜ ਹਾਸਲ ਕਰਨ ਲਈ ਇਸ ਦੀ ਵਾਗਡੋਰ ਦੂਰਦ੍ਰਿਸ਼ਟੀ ਅਤੇ ਇਮਾਨਦਾਰ ਲੀਡਰਸ਼ਿਪ ਦੇ ਹਥਾਂ ‘ਚ ਸੌਪਿਆ ਜਾਣਾ ਅੱਜ ਸਮੇ ਦੀ ਲੋੜ ਬਣ ਚੁਕੀ ਹੈ। ਅਜਿਹੇ ‘ਚ 2 ਦਸੰਬਰ ਨੂੰ ਹੋ ਰਹੀ ਜਨਰਲ ਚੋਣ ਲਈ ਸ: ਨਿਰਮਲ ਸਿੰਘ ਠੇਕੇਦਾਰ ਦੀ ਲੀਡਰਸ਼ਿਪ ‘ਚ ਖੜੇ ਕੀਤੇ ਗਏ ਸਾਰੇ ਉਮੀਦਵਾਰਾਂ ਮੀਤ ਪ੍ਰਧਾਨ ਲਈ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ ਤੇ ਅਮਰਜੀਤ ਸਿੰਘ ਲੁਧਿਆਣਾ, ਸਥਾਨਕ ਪ੍ਰਧਾਨ ਲਈ ਉਮੀਦਵਾਰ ਸੁਖਦੇਵ ਸਿੰਘ ਮੱਤੇਵਾਲ, ਆਨਰੇਰੀ ਸੈਕਟਰੀ ਲਈ ਉਮੀਦਵਾਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਜੋ ਕਿ ਪੰਥਪ੍ਰਸਤ ਅਤੇ ਗੁਰਸਿੱਖ ਹਨ। ਪੰਥਕ, ਧਾਰਮਿਕ, ਸਮਾਜਿਕ, ਰਾਜਨੀਤਿਕ, ਵਿਦਿਅਕ ਖੇਤਰਾਂ ਤੋਂ ਇਲਾਵਾ ਆਪੋ ਆਪਣੇ ਕਾਰੋਬਾਰੀ ਪੇਸ਼ਿਆਂ ‘ਚ ਮਾਹਿਰ ਹੋਣ ਕਾਰਨ ਇਨਾਂ ਦੀਆਂ ਅਹਿਮ ਪ੍ਰਾਪਤੀਆਂ ਰਹੀਆਂ ਹਨ। ਇਹ ਟੀਮ ਮਰਿਆਦਾ ‘ਚ ਰਹਿ ਕੇ ਚੀਫ ਖਾਲਸਾ ਦੀਵਾਨ ਨੂੰ ਮੁੜ ਬੁਲੰਦੀਆਂ ‘ਚ ਲਿਜਾਣ ਲਈ ਸਮਰਥਾ ਰਖਦੀ ਹੈ। ਸੰਗਤ ਅਗੇ ਝੋਲੀ ਅੱਡ ਕੇ ਸੰਸਥਾ ਦੀ ਸੇਵਾ ਕਰਨ ਵਾਲੇ, ਇਨਾਂ ਮਿਹਨਤੀ ਅਤੇ ਇਮਾਨਦਾਰ ਸੁਫ ਸੁਥਰੇ ਅਕਸ ਵਾਲੇ ਵਿਅਕਤੀਆਂ ਤੋਂ ਸਾਨੂੰ ਪੂਰੀ ਆਸ ਹੈ, ਸਤਿਗੁਰੂ ਕ੍ਰਿਪਾ ਕਰਨ ਇਹ ਟੀਮ ਸਮੁਚੀ ਸਿੱਖ ਸੰਗਤ ਅਤੇ ਚੀਫ ਖਾਲਸਾ ਦੀਵਾਨ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ ‘ਚ ਸਫਲ ਹੋਣਗੇ। ਉਹਨਾਂ ਕਿਹਾ ਕਿ ਸ: ਨਿਰਮਲ ਸਿੰਘ ਦੀ ਟੀਮ ਨੂੰ ਵੱਡੀ ਜਿੱਤ ਦਿਵਾਉਣ ਲਈ ਉਹ ਗੁਰੂ ਪੰਥ ਅਤੇ ਦੀਵਾਨ ਦੇ ਸਮੂਹ ਮੈਬਰਾਂ ਦੇ ਸਤਿਕਾਰ ਦਾ ਸਦਾ ਰਿਣੀ ਰਹੇਗਾ।

