ਪਰਨੀਤ ਕੌਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮਨਾਇਆ ਬਾਲ ਦਿਵਸ
ਬੱਚੇ ਦੇਸ਼ ਦਾ ਭਵਿੱਖ, ਆਪਣੀ ਬਿਹਤਰ ਜਿੰਦਗੀ ਲਈ ਵਾਤਾਵਰਣ ਸੰਭਾਲ ਲਈ ਹੁਣੇ ਤੋਂ ਸੁਚੇਤ ਹੋਣ-ਪਰਨੀਤ ਕੌਰ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣਾ ਆਲਾ ਦੁਆਲਾ ਗੰਦਗੀ ਤੇ ਪਲਾਸਟਿਕ ਮੁਕਤ ਬਣਾਉਣਾ ਦਾ ਸੱਦਾ
ਪਟਿਆਲਾ, 14 ਨਵੰਬਰ (ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਅੱਜ ਬਾਲ ਦਿਵਸ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮਨਾਇਆ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਨਹਿਰੂ ਵੱਲੋਂ ਕਹੇ ਸ਼ਬਦਾਂ ਕਿ ‘ਅੱਜ ਦੇ ਬੱਚੇ ਕੱਲ੍ਹ ਦੇ ਭਾਰਤ ਦਾ ਨਿਰਮਾਣ ਕਰਨਗੇ, ਜਿਸ ਤਰ੍ਹਾਂ ਅਸੀਂ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ, ਉਸੇ ‘ਤੇ ਦੇਸ਼ ਦਾ ਭਵਿੱਖ ਨਿਰਧਾਰਤ ਹੋਵੇਗਾ’ ਨੂੰ ਯਾਦ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਇਸ ਲਈ ਇਨ੍ਹਾਂ ਬੱਚਿਆਂ ਨੂੰ ਹੁਣੇ ਤੋਂ ਵਾਤਾਵਰਣ ਸੰਭਾਲ ਲਈ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਗੰਦਗੀ ਤੇ ਪਲਾਸਟਿਕ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਉਨ੍ਹਾਂ ਦੀ ਜਿੰਦਗੀ ‘ਤੇ ਇਸਦੇ ਬਹੁਤ ਬੁਰੇ ਪ੍ਰਭਾਵ ਪੈਣਗੇ।
ਛੋਟੇ ਬੱਚਿਆਂ ਨਾਲ ਬਾਲ ਦਿਵਸ ਨੂੰ ਮਨਾਉਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਦਾਰੂ ਕੁਟੀਆ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਸੂਲਰ ਪੁੱਜੇ ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਟਾਫ਼ੀਆਂ ਵੰਡੀਆਂ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪੜ੍ਹਾਈ ਬਾਬਤ ਜਾਣਿਆ, ਜਿਸ ਤੋਂ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਸ਼ਲਾਘਾ ਕੀਤੀ। ਇਸ ਮੌਕੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਦਿਲਕਸ਼ ਪੇਸ਼ਕਾਰੀ ਕੀਤੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ”ਇਹ ਬੱਚੇ ਸਾਡਾ ਕੱਲ੍ਹ ਹੈ ਤੇ ਇਸੇ ਲਈ ਉਹ ਖ਼ੁਦ ਇਨ੍ਹਾਂ ਬੱਚਿਆਂ ‘ਚ ਆ ਕੇ ਬਾਲ ਦਿਵਸ ਮਨਾ ਰਹੇ ਹਨ।” ਉਨ੍ਹਾਂ ਕਿਹਾ ਕਿ ਸ੍ਰੀ ਨਹਿਰੂ, ਜਿਨ੍ਹਾਂ ਨੇ ਸਾਡੇ ਦੇਸ਼ ਦਾ ਭਵਿੱਖ ਬਣਾਇਆ, ਵੀ ਇਸ ਗੱਲ ਨੂੰ ਸਮਝਦੇ ਸਨ ਕਿ ਬੱਚੇ ਹਿੰਦੁਸਤਾਨ ਦਾ ਭਵਿੱਖ ਹਨ, ਇਸ ਲਈ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬੱਚੇ ਵੀ ਉਨ੍ਹਾਂ ਨੂੰ ਚਾਚਾ ਨਹਿਰੂ ਕਰਕੇ ਬੁਲਾਉਂਦੇ ਸਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਇਹੋ ਬੱਚੇ ਵੱਡੇ ਹੋ ਕੇ ਸਾਡੇ ਇਲਾਕੇ, ਸ਼ਹਿਰ, ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ, ਇਸੇ ਲਈ ਇਨ੍ਹਾਂ ਬੱਚਿਆਂ ਨੂੰ ਵਾਤਾਵਰਣ ਸੰਭਾਲਣ ਲਈ ਅੱਗੇ ਆਉਣਾ ਪਵੇਗਾ। ਬੱਚਿਆਂ ਨੂੰ ਕਿਹਾ ਪਲਾਸਟਿਕ ਅਤੇ ਗੰਦਗੀ ਸਾਡੇ ਜੀਵਨ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਕਿਉਂਕਿ ਪਲਾਸਟਿਕ ਕਦੇ ਗ਼ਲਦਾ ਨਹੀਂ ਤੇ ਇਸ ‘ਚੋਂ ਬਹੁਤ ਸਾਰੀਆਂ ਗੈਸਾਂ ਨਿਕਲਦੀਆਂ ਹਨ, ਇਸ ਲਈ ਪਲਾਸਟਿਕ ਖਾਸ ਕਰਕੇ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ਕਰਨੀ ਬੰਦ ਕਰਨੀ ਚਾਹੀਦੀ ਹੈ, ਕਿਉਂਕਿ ਗੰਦਗੀ ਘੱਟ ਹੋਵੇ ਤਾਂ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਰੰਭਿਆ ਗਿਆ ਹੈ ਜਿਸ ਤਹਿਤ ਵਾਤਾਵਰਣ ਸੰਭਾਲ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਗਈ ਹੈ, ਇਸ ਨੂੰ ਕਾਮਯਾਬ ਕਰਨ ਲਈ ਸਾਨੂੰ ਸਭਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਸਾਡਾ ਆਲਾ ਦੁਆਲਾ ਪਲਾਸਟਿਕ ਤੇ ਗੰਦਗੀ ਮੁਕਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮੌਕੇ ਦਾਰੂ ਕੁਟੀਆ ਸਕੂਲ ਦੇ ਬੱਚਿਆਂ ਵੱਲੋਂ ਤਿਆਰ ਕੀਤਾ ਰਸਾਲਾ ਪੁੰਗਰਦੇ ਬੀਜ-5 ਦਾ ਅੰਕ ਵੀ ਜਾਰੀ ਕੀਤਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕਾਂਗਰਸ ਦੇ ਨਸ਼ਾ ਵਿਰੋਧੀ ਸੈਲ ਦੇ ਚੇਅਰਮੈਨ ਸ੍ਰੀ ਰਣਜੀਤ ਸਿੰਘ ਨਿਕੜਾ, ਨਗਰ ਕੌਂਸਲ ਪਟਿਆਲਾ ਦੇ ਸਾਬਕਾ ਪ੍ਰਧਾਨ ਮਾਸਟਰ ਨਿਰੰਜਨ ਦਾਸ, ਵਾਰਡ ਨੰਬਰ 33 ਦੇ ਕੌਂਸਲਰ ਸ੍ਰੀਮਤੀ ਸ਼ਾਂਤੀ ਦੇਵੀ, ਸ੍ਰੀ ਸਿਕੰਦਰ ਸਿੰਘ, ਐਡਵੋਕੇਟ ਅਮਨ ਗਰਗ, ਬਾਬਾ ਰਾਮ ਸਿੰਘ, ਸ੍ਰੀ ਹਰਮੇਸ਼ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕੰਵਲ ਕੁਮਾਰੀ, ਡਿਪਟੀ ਡੀ.ਈ.ਓ. ਮਧੂ ਬਰੂਆ, ਬੀ.ਪੀ.ਈ.ਓ. ਸ੍ਰੀਮਤੀ ਸਰਬਜੀਤ ਕੌਰ, ਹੈਡ ਟੀਚਰ ਸ੍ਰੀਮਤੀ ਸੁਮਨ ਲਤਾ, ਸ੍ਰੀਮਤੀ ਸੁਦੇਸ਼ ਕੁਮਾਰੀ, ਸ੍ਰੀਮਤੀ ਲਖਬੀਰ ਕੌਰ ਅਤੇ ਦੋਵਾਂ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਸਮੇਤ ਦਾਰੂ ਕੁਟੀਆ ਅਤੇ ਸੂਲਰ ਦੇ ਪਤਵੰਤੇ ਹਾਜ਼ਰ ਸਨ।

