ਨਿਰੰਕਾਰੀ ਭਵਨ ‘ਚ ਹੋਏ ਹਮਲੇ ਪਿਛੇ ਡੇਰਾ ਪੈਰੋਕਾਰਾਂ ਦਾ ਹੋ ਸਕਦਾ ਹੱਥ : ਬਲਜੀਤ ਸਿੰਘ ਦਾਦੂਵਾਲ
ਪਟਿਆਲਾ 18 ਨਵੰਬਰ (ਮਧੂਸਾਰ ਬਿਊਰੋ) ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਵਿਖੇ ਨਿਰੰਕਾਰੀ ਭਵਨ ਵਿਖੇ ਹੋਏ ਗਰੇਨ ਹਮਲੇ ‘ਤੇ ਵੱਡਾ ਬਿਆਨ ਦਿੰਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਇਕ ਇੰਟਰਵਿਊ ‘ਚ ਕਿਹਾ ਕਿ ਨਿਰੰਕਾਰੀ ਹਮਲੇ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਹੋ ਸਕਦਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਅਜਿਹੇ ਹਮਲੇ ਦੀ ਘੋਰ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਇਨਸਾਨੀਅਤ ਵਿਰੋਧੀ ਹਨ।
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹੁਣ ਤੱਕ ਵਾਪਰੇ ਮੌੜ ਬੰਬ ਕਾਂਡ, ਬਰਗਾੜੀ ਕਾਂਡ, ਭਗਤਾ ਭਾਈਕਾ ਕਾਂਡ ਪਿੱਛੇ ਡੇਰਾ ਪੈਰੋਕਾਰਾਂ ਦਾ ਹੱਥ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਏਜੰਸੀਆਂ ਨੂੰ ਚਾਹੀਦਾ ਹੈ ਕਿ ਨਿਰੰਕਾਰੀ ਭਵਨ ‘ਚ ਕੀਤੇ ਹਮਲੇ ਪਿੱਛੇ ਵੀ ਡੇਰਾ ਪੈਰੋਕਾਰਾਂ ਦਾ ਹੱਥ ਹੋ ਸਕਦਾ, ਜਿਸ ਦੀ ਉਚ ਪੱਧਰੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ, ਪਰ ਇੱਕਾ ਦੁੱਕਾ ਘਟਨਾਵਾਂ ਨੂੰ ਅੱਤਵਾਦ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ‘ਚ ਭਾਵੇਂ ਅੱਤਵਾਦ ਘੁਸਪੈਠ ਹੋਈ ਹੈ, ਪਰ ਪੰਜਾਬ ਵਿਚ ਅੱਤਵਾਦ ਦੀ ਕੋਈ ਥਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਹੁਣ ਬਰਗਾੜੀ ਮੋਰਚੇ ‘ਚ ਬੈਠ ਕੇ ਬਲਜੀਤ ਸਿੰਘ ਦਾਦੂਵਾਲ ਬਰਗਾੜੀ ਅਤੇ ਕੋਟਕਪੂਰਾ ਕਾਂਡ ਲਈ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦੇ ਰਹੇ ਹਨ, ਪਰ ਅੱਜ ਉਨ੍ਹਾਂ ਸਪੱਸ਼ਟ ਤੌਰ ‘ਤੇ ਆਖਿਆ ਕਿ ਪਹਿਲਾਂ ਵਾਪਰੀਆਂ ਘਟਨਾਵਾਂ ‘ਚ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਨਾਲ ਇਹ ਵੀ ਹੋ ਸਕਦਾ ਹੈ ਕਿ ਨਿਰੰਕਾਰੀ ਭਵਨ ਪਿਛੇ ਵੀ ਡੇਰਾ ਪੈਰੋਕਾਰਾਂ ਦਾ ਹੱਥ ਹੋ ਸਕਦਾ ਹੈ।

