ਪਟਿਆਲਾ

ਗਿਆਨਦੀਪ ਮੰਚ ਵੱਲੋਂ ਪੁਸਤਕ ‘ਸੂਰਤ ਸ਼ੀਸ਼ਾ ਤੇ ਸਫਰ’ ਦਾ ਲੋਕ ਅਰਪਣ

ਪਟਿਆਲਾ 19 ਨਵੰਬਰ (ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ ਵੱਲੋਂ ਭਾਸ਼ਾ ਵਿਭਾਗ ਦੇ ਆਡੀਟੋਰੀਅਮ ‘ਚ ਸ਼ਾਇਰ ਰਵੇਲ ਪੁਸ਼ਪ ਦੀ ਕਾਵਿ ਪੁਸਤਕ ‘ਸੂਰਤ ਸ਼ੀਸ਼ਾ ਤੇ ਸਫ਼ਰ’ ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਨਾਵਲਕਾਰ ਰਾਮ ਸਰੂਪ ਰਿਖੀ ਸ਼ਾਮਲ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਵੀ ਸ਼ਮੂਲੀਅਤ ਕੀਤੀ। ਸਮਾਰੋਹ ਦਾ ਆਗਾਜ਼ ਬਲਬੀਰ ਸਿੰਘ ਦਿਲਦਾਰ ਦੇ ਧਾਰਮਿਕ ਗੀਤ ਨਾਲ ਹੋਇਆ। ਗੋਸ਼ਟੀ ਦਾ ਆਰੰਭ ਕਰਦਿਆਂ ਬਲਬੀਰ ਜਲਾਲਾਬਾਦੀ ਨੇ ਸ਼ਾਇਰ ਰਵੇਲ ਪੁਸ਼ਪ ਦੀ ਸ਼ਾਇਰੀ ਅਤੇ ਵਿਅਕਤੀਤਵ ਬਾਰੇ ਗੱਲਾਂ ਕੀਤੀਆਂ। ਪੁਸਤਕ ਤੇ ਦੋ ਪੇਪਰ ਪੜ੍ਹੇ ਗਏ।

ਪਹਿਲੇ ਪੇਪਰ ‘ਚ ਮੈਡਮ ਕੁਲਵਿੰਦਰ ਚਾਵਲਾ ਨੇ ਕਿਹਾ ਕਿ ਕਵੀ ਦੀ ਕਵਿਤਾ ਵਿਚੋਂ ਸਰਮਾਏਦਾਰੀ ਸਮਾਜ ਅਤੇ ਸੌੜੀ ਸਿਆਸਤ ਨਾਲ ਟੱਕਰ ਲੈਣ ਦੀ ਝਲਕ ਪੈਂਦੀ ਹੈ। ਦੂਜੇ ਪੇਪਰ ‘ਚ ਡਾ. ਅਰਵਿੰਦਰ ਕਾਕੜਾ ਦਾ ਕਥਨ ਸੀ ਕਿ ਕਵਿਤਾ ਦੇ ਮੁਹਾਂਦਰੇ ਵਿਚੋਂ ਯਥਾਰਥਵਾਦੀ ਹੋਣ ਦੇ ਨਾਲ ਨਾਲ ਮਾਨਵਵਾਦੀ ਸੁਰ ਦਾ ਵੀ ਅਭਾਸ ਹੁੰਦਾ ਹੈ। ਮੁੱਖ ਮਹਿਮਾਨ ਵਜੋਂ ਰਾਮ ਸਰੂਪ ਰਿਖੀ ਨੇ ਕਿਹਾ ਕਿ ਗੁਰੂ ਨਾਨਕ ਦੀ ਸੱਚ ਦੀ ਬਾਣੀ ਦੇ ਰਾਹ ਤੁਰਦਿਆਂ ਕਵੀ ਨੇ ਸਮਾਜ ਦੀ ਪੀੜਾ, ਅਨਿਆ ਅਤੇ ਰਿਸ਼ਤਿਆਂ ਦੇ ਦਵੰਧ ਦਾ ਬਾਖੂਬੀ ਚਿਤਰਣ ਕੀਤਾ ਹੈ। ਪ੍ਰਧਾਨਗੀ ਭਾਸ਼ਣ ‘ਚ ਡਾ. ਜੀ.ਐਸ. ਆਨੰਦ ਨੇ ਕਿਹਾ ਕਿ ਰਵੇਲ ਪੁਸ਼ਪ ਦੀ ਕਵਿਤਾ ਦਾ ਪੁਸਤਕ ਦੇ ਰੂਪ ਵਿੱਚ ਦੇਰ ਨਾਲ ਛਪਣਾ ਉਸਦੇ ਪ੍ਰਪੱਕ ਕਵੀ ਹੋਣ ਦਾ ਅਹਿਸਾਸ ਕਰਾਉਂਦਾ ਹੈ। ਪੁਸਤਕ ਉਪਰ ਇਨ੍ਹਾਂ ਤੋਂ ਇਲਾਵਾ ਪ੍ਰੋ. ਸੁਭਾਸ਼ ਸ਼ਰਮਾ, ਪਵਨ ਹਰਚੰਦਪੁਰੀ, ਕੁਲਵੰਤ ਸਿੰਘ ਨਾਰੀਕੇ, ਤੇ ਡਾ. ਲਕਸ਼ਮੀ ਨਰਾਇਣ ਭੀਖੀ ਨੇ ਵੀ ਵਿਚਾਰ ਰੱਖੇ। ਸਮਾਰੋਹ ਦੇ ਦੂਜੇ ਸੈਸ਼ਨ ‘ਚ ਹੋਏ ਕਵੀ ਦਰਬਾਰ ਵਿੱਚ ਅੰਮ੍ਰਿਤਪਾਲ ਸਿੰਘ ਸ਼ੈਦਾ, ਹਰੀਦੱਤ ਹਬੀਬ, ਪਰਵਿੰਦਰ ਸ਼ੋਖ, ਕੈਪ. ਚਮਕੌਰ ਸਿੰਘ, ਜੀ.ਐਸ. ਮੀਤ, ਕਿਰਨਜੋਤ ਕੌਰ, ਯੂ.ਐਸ. ਆਤਿਸ਼, ਜੋਗਾ ਸਿੰਘ ਧਨੌਲਾ, ਸੰਤੋਸ਼ ਸੰਧੀਰ, ਗੁਲਜਾਰ ਸਿੰਘ ਸ਼ੌਕੀ, ਅਮਰ ਗਰਗ ਕਲਮਦਾਨ, ਰਘਬੀਰ ਮਹਿਮੀ, ਨਿਰਮਲਾ ਗਰਗ, ਸੁਰਿੰਦਰ ਕੌਰ ਬਾੜਾ, ਤੇਜਿੰਦਰ ਅਣਜਾਣ, ਰਾਮ ਸਿੰਘ ਬੰਗ, ਲਛਮਣ ਤਰੌੜਾ, ਕ੍ਰਿਸ਼ਨ ਧਿਮਾਨ, ਆਸ਼ਾ ਸ਼ਰਮਾ, ਮਨਿੰਦਰਜੀਤ ਕੌਰ, ਜਸਵਿੰਦਰ ਖਾਹਰਾ, ਜਗਦੀਸ਼ ਜੱਗੀ, ਗੁਰਦਰਸ਼ਨ ਗੁਸੀਲ, ਬਚਨ ਸਿੰਘ ਗੁਰਮ, ਗੁਰਪ੍ਰੀਤ ਜੰਮੂ, ਹਰਵੀਨ, ਗੁਰਪ੍ਰੀਤ ਕਾਠਮਠੀ, ਸਜਨੀ ਬਾਤਿਸ਼, ਜਸਪ੍ਰੀਤ ਭਵਾਨੀਗੜ੍ਹ, ਰਵਨੀਤ ਵਿਰਕ, ਪ੍ਰਵੀਨ ਭਵਾਨੀਗੜ੍ਹ, ਸੁਖਵਿੰਦਰ ਆਹੀ, ਹਰਦੀਪ ਕੌਰ ਜੱਸੋਵਾਲ, ਮਨਪ੍ਰੀਤ ਮੀਰਪੁਰੀ, ਨਾਹਰ ਸਿੰਘ, ਯਸ਼ਪਾਲ ਬੇਦੀ, ਦਲੀਪ ਸਿੰਘ ਓਬਰਾਏ ਅਤੇ ਜੁਪਿੰਦਰ ਪਾਲ ਸਿੰਘ ਵਿਰਕ ਨੇ ਰਚਨਾਵਾਂ ਸਾਂਝੀਆਂ ਕੀਤੀਆਂ। ਮੰਚ ਸੰਚਾਲਨ ਦੀ ਜਿੰਮੇਵਾਰੀ ਬਲਬੀਰ ਜਲਾਲਾਬਾਦੀ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *