ਪੰਜਾਬਪਟਿਆਲਾ

ਪਟਿਆਲਾ ‘ਚ 60 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਜ਼ਿਲ੍ਹਾ ਰੁਜ਼ਗਾਰ ਬਿਊਰੋ ਪਰਨੀਤ ਕੌਰ ਅਤੇ ਧਰਮਸੋਤ ਨੇ ਕੀਤਾ ਲੋਕਾਂ ਨੂੰ ਸਮਰਪਿਤ

ਕੈਪਟਨ ਸਰਕਾਰ ਮੈਨੀਫੈਸਟੋ ‘ਚ ਕੀਤਾ ਹਰ ਵਾਅਦਾ ਪੂਰਾ ਕਰੇਗੀ -ਪਰਨੀਤ ਕੌਰ
ਪਟਿਆਲਾ, 21 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀ ਵਕਾਰੀ ‘ਸਕੀਮ ‘ਘਰ-ਘਰ ਰੁਜ਼ਗਾਰ’ ਮੁਹਿੰਮ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਮਨਮਰਜ਼ੀ ਦੇ ਰੁਜ਼ਗਾਰ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਤਿਆਰ ਇਮਾਰਤ ‘ਚ ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਕਾਰੋਬਾਰੀ ਬਿਊਰੋ ਸਥਾਪਤ ਕੀਤਾ ਗਿਆ ਹੈ।

ਇਸ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੂੰ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇਥੇ ਇੱਕ ਸਮਾਰੋਹ ਦੌਰਾਨ ਜ਼ਿਲ੍ਹੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ‘ਚ ਕੀਤਾ ਗਿਆ ਹਰ ਇੱਕ ਵਾਅਦਾ ਪੂਰਾ ਕਰ ਰਹੀ ਹੈ ਅਤੇ ਇਹ ਦਫ਼ਤਰ ਵੀ ਘਰ-ਘਰ ਰੋਜ਼ਗਾਰ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਫ਼ਤਰ ਦੇ ਹੋਂਦ ‘ਚ ਆਉਣ ਕਰਕੇ ਬੇਰੁਜ਼ਗਾਰਾਂ ਨੂੰ ਹੁਣ ਇੱਧਰ-ਉਧਰ ਭਟਕਣਾ ਨਹੀਂ ਪਵੇਗਾ ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਉਪਰੰਤ ਉਨ੍ਹਾਂ ਨੂੰ ਮਨਭਾਉੁਂਦੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ।
ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਪੰਜਾਬ ਵਿੱਚੋਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਵੱਲ ਪੰਜਾਬ ਸਰਕਾਰ ਦਾ ਇੱਕ ਵੱਡਾ ਕਦਮ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਘਰ-ਘਰ ਰੋਜ਼ਗਾਰ ਸਕੀਮ ਤਹਿਤ ਹੁਣ ਤੱਕ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰ ਦੀਆਂ 1.75 ਲੱਖ ਨੌਕਰੀਆਂ ਅਤੇ ਕਰੀਬ ਢਾਈ ਲੱਖ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਪਟਿਆਲਾ ਦੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੂੰ ਪੰਜਾਬ ਦਾ ਸਭ ਤੋਂ ਬਿਹਤਰ ਬਿਊਰੋ ਦਸਦਿਆਂ ਬੇਰੁਜਗਾਰਾਂ ਨੂੰ ਇਸ ਤੋਂ ਲਾਭ ਉਠਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਅਤੇ ਸ੍ਰੀ ਧਰਮਸੋਤ ਵੱਲੋਂ ‘ਘਰ ਘਰ ਰੋਜ਼ਗਾਰ’ ਪੰਜਾਬ ਸਰਕਾਰ ਦੀਆਂ ਸਵੈ ਰੋਜ਼ਗਾਰ ਦੀਆਂ ਸਕੀਮਾਂ ਤੇ ਰੋਜ਼ਗਾਰ ਪੋਰਟਲ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਵਰਣਨਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਦੀ ਇਮਾਰਤ ਦੇ ਬਿਲਕੁਲ ਨਾਲ ਕਰੀਬ 4000 ਵਰਗ ਫ਼ੁਟ ‘ਚ ਤਿਆਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਇਮਾਰਤ ‘ਚ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਲਈ ਵਿਸ਼ੇਸ਼ੀਕ੍ਰਿਤ ਕਮਰਿਆਂ ਸਮੇਤ ਲਾਇਬ੍ਰੇਰੀ ਬਣਾਈ ਗਈ ਹੈ। ਏਨਰਜੀ ਐਫੀਸੀਏਂਟ ਕਰਨ ਲਈ ਇਸ ਇਮਾਰਤ ‘ਚ ਐਲ.ਈ.ਡੀ. ਲਾਇਟਾਂ ਲਾਈਆਂ ਗਈਆਂ ਹਨ।
ਇਸ ਦਫ਼ਤਰ ਵਿੱਚ ਨੌਜਵਾਨਾਂ ਦੀ ਸੂਬੇ, ਦੇਸ਼ ਤੇ ਵਿਦੇਸ਼ਾਂ ‘ਚ ਰੁਜ਼ਗਾਰ ਲਈ ਵਿਸ਼ੇਸ਼ ਕੌਂਸਲਿੰਗ ਕੀਤੀ ਜਾਵੇਗੀ ਤੇ ਰੁਜ਼ਗਾਰ ਦੇ ਚਾਹਵਾਨ ਨੌਜਵਾਨਾਂ ਦਾ ਬਾਇਉਡਾਟਾ ਆਨਲਾਈਨ ਅਪਲੋਡ ਕਰਕੇ ਰੱਖਿਆ ਜਾਵੇਗਾ। ਜਦੋਂਕਿ ਸਕੂਲਾਂ, ਕਾਲਜਾਂ ਤੇ ਆਈ.ਟੀ.ਆਈਜ਼ ਤੋਂ ਰੋਜ਼ਾਨਾ 40 ਬੱਚਿਆਂ/ਨੌਜਵਾਨਾਂ ਦਾ ਗਰੁੱਪ ਇਥੇ ਕੌਂਸਲਿੰਗ ਲਈ ਆਵੇਗਾ, ਜਿਨ੍ਹਾਂ ਦੀ ਹਫ਼ਤੇ ਦੇ ਛੇ ਦਿਨ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ ਵਿਭਾਗ, ਬੈਕਫ਼ਿੰਕੋ, ਐਸ.ਸੀ. ਕਾਰਪੋਰੇਸ਼ਨ ਤੇ ਪੰਜਾਬ ਹੁਨਰ ਵਿਕਾਸ ਵਿਭਾਗ ਦੇ ਮਾਹਰਾਂ ਅਤੇ ਸਿੱਖਿਆ ਵਿਭਾਗ ਦੇ ਗਾਈਡੈਂਸ ਕੌਂਸਲਰ ਵੱਲੋਂ ਕੌਂਸਲਿੰਗ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਥੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ, ਸਿਖਲਾਈ ਪ੍ਰੋਗਰਾਮਾਂ ਅਤੇ ਰੁਜ਼ਗਾਰ ਲਈ ਕਰਜ਼ਾ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਆਨਲਾਈਨ ਫ਼ਾਰਮ ਭਰਨ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿਖੇ 16 ਤੋਂ 50 ਸਾਲ ਦਰਮਿਆਨ ਉਮਰ ਦੇ ਚਾਹਵਾਨ ਸਿੱਧੇ ਤੌਰ ‘ਤੇ ਵੀ ਪਹੁੰਚ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਰੁਸ਼ਨਾਉਣ ਲਈ ਆਪਣੀ ਰੁਚੀ ਅਨੁਸਾਰ ਹੁਣੇ ਤੋਂ ਮਨਪਸੰਦ ਦਾ ਖੇਤਰ ਚੁਣ ਕੇ ਉਸ ਮੁਤਾਬਕ ਵਿਉਂਤਬੰਦੀ ਕਰਨ ਲਈ ਕਿਹਾ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਜਿਨ੍ਹਾਂ ਦੀ ਦੇਖ ਰੇਖ ਹੇਠ ਇਸ ਦਫ਼ਤਰ ਦਾ ਨਵੀਨੀਕਰਨ ਕੀਤਾ ਗਿਆ ਹੈ, ਨੇ ਦੱਸਿਆ ਕਿ ਦਫ਼ਤਰ ਵਿਖੇ ਰੁਜ਼ਗਾਰ ਦੇ ਚਾਹਵਾਨ ਨੌਜਵਾਨਾਂ ਦੀ ਸਹੂਲਤ ਲਈ ਪੁੱਛਗਿੱਛ ਕੇਂਦਰ, ਰਜਿਸਟ੍ਰੇਸ਼ਨ ਕੇਂਦਰ, ਵੇਟਿੰਗ ਰੂਮ, ਇੰਟਰਵਿਊ ਰੂਮ, ਕਾਨਫ਼ਰੰਸ ਰੂਮ, ਲਾਈਨ ਡਿਪਾਟਰਟਮੈਂਟ ਆਫ਼ੀਸਰ ਸੈਕਸ਼ਨ, ਵਿਦੇਸ਼ੀ ਪ੍ਰਵਾਸ ਅਤੇ ਸਵੈ ਰੁਜ਼ਗਾਰ ਕੇਂਦਰ, ਪਲੇਸਮੈਂਟ ਆਫ਼ੀਸਰ ਤੇ ਕਰੀਅਰ ਕੌਂਸਲਰ ਰੂਮ ਉਚੇਚੇ ਤੌਰ ‘ਤੇ ਸਥਾਪਤ ਕੀਤੇ ਗਏ ਹਨ।
ਇਸ ਮੌਕੇ ਰੁਜ਼ਗਾਰ ਅਫ਼ਸਰ ਮੇਜਰ (ਰਿਟਾ.) ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਥੇ ਆਉਣ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀ ਵੈੱਬਸਾਈਟ www.ghargharro੍ਰgar.punjab.gov.in ‘ਤੇ ਆਪਣਾ ਬਾਇਉਡਾਟਾ ਆਨਲਾਈਨ ਅਪਲੋਡ ਕਰਨ, ਮਨਮਰਜ਼ੀ ਦੇ ਰੁਜ਼ਗਾਰ ਲੱਭਣ ਅਤੇ ਰੁਜ਼ਗਾਰ ਨਾਲ ਸਬੰਧਤ ਹੋਰ ਜਾਣਕਾਰੀ ਲੈਣ ਲਈ ਕੰਪਿਊਟਰ, ਇੰਟਰਨੈਟ ਤੇ ਵਾਈ-ਫ਼ਾਈ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਘਰ-ਘਰ ਰੁਜ਼ਗਾਰ ਸਕੀਮ ਤਹਿਤ ਹਰ ਮਹੀਨੇ 2 ਰੁਜ਼ਗਾਰ ਮੇਲੇ ਲਾ ਕੇ ਬੱਚਿਆਂ ਦੀ ਪਲੇਸਮੈਂਟ ਕਰਵਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ.) ਸ੍ਰੀ ਰਾਹੁਲ ਸਿੰਧੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਜੇਸ਼ ਸ਼ਰਮਾ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਨਮਨ ਮੜਕਨ ਤੇ ਵੱਡੀ ਗਿਣਤੀ ‘ਚ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਮੌਜੂਦ ਸਨ।

Leave a Reply

Your email address will not be published. Required fields are marked *