550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਗਿਆ ਵਿੱਤੀ ਪੈਕੇਜ਼
ਚੰਡੀਗੜ੍ਹ, 21 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਸਾਲ ਭਰ ਚਲੱਣ ਵਾਲੇ ਸਮਾਰੋਹਾਂ ਵਾਸਤੇ ਉਦਾਰਚਿੱਤ ਵਿੱਤੀ ਪੈਕੇਜ਼ ਤੁਰੰਤ ਐਲਾਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਇਹ ਸਮਾਰੋਹ ਪੰਜਾਬ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਇਤਿਹਾਸਕ ਮੌਕੇ ਉਨ੍ਹਾਂ ਦੀ ਸਰਕਾਰ ਲੜੀਵਾਰ ਵਿਕਾਸ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਇਨ੍ਹਾਂ ਕੁੱਝ ਸਕੀਮਾਂ ਵਿੱਚ ਸੁਲਤਾਨਪੁਰ ਲੋਧੀ ਵਿਖੇ ਪਿੰਡ ਬਾਬੇ ਨਾਨਕ ਦਾ ਸਥਾਪਤ ਕਰਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਇੰਸਟੀਚਉਟ ਆਫ ਇੰਟਰਫੇਥ ਸਟਡੀਜ਼, ਬਟਾਲਾ ਵਿਖੇ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਅਤੇ ਪੰਜਾਬ ਤੇ ਹੋਰਨਾਂ ਸੂਬਿਆਂ ਦੀਆਂ ਜਿਨ੍ਹਾਂ ਥਾਵਾਂ ‘ਤੇ ਪਹਿਲੇ ਗੁਰੂ ਜੀ ਗਏ ਸਨ, ਨੂੰ ਜੋੜਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਦਾ ਨਿਰਮਾਣ ਅਤੇ ਗੁਰੂ ਜੀ ਨਾਲ ਸਬੰਧਤ 47 ਸਮਾਰਟ ਕਸਬਿਆਂ/ਪਿੰਡਾਂ ਦਾ ਵਿਕਾਸ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਇਨ੍ਹਾਂ ਪ੍ਰਾਜੈਕਟਾਂ ਦੇ ਵਾਸਤੇ ਸੂਬੇ ਨੂੰ ਵਿੱਤੀ ਪੈਕੇਜ਼ ਦਿੱਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਾਲ ਆਪਣੀ ਪਹਿਲੀ ਮੀਟਿੰਗ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਸਮਾਰੋਹਾਂ ਲਈ ਪਹਿਲਾਂ ਹੀ 2145 ਕਰੋੜ ਰੁਪਏ ਦੀ ਸਹਾਇਤਾ ਦੇ ਵਾਸਤੇ ਕੇਂਦਰ ਨੂੰ ਇੱਕ ਯਾਦਪੱਤਰ ਪੇਸ਼ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਜੂਨ 2018 ਨੂੰ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਇਨ੍ਹਾਂ ਸਮਾਰੋਹਾਂ ਦੀ ਮਹੱਤਤਾ ‘ਤੇ ਚਾਣਨਾ ਪਾਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੇਸ਼ ਕੀਤੇ ਯਾਦਪੱਤਰ ਵਿੱਚ ਇਹ ਸਾਰੇ ਪ੍ਰਸਤਾਵ ਸ਼ਾਮਲ ਹਨ ਅਤੇ 8 ਨਵੰਬਰ ਨੂੰ ਹੋਈ ਪਿਛਲੀ ਮੀਟਿੰਗ ਦੌਰਾਨ ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ ਨੇ ਇਸ ‘ਤੇ ਵਿਚਾਰ ਕੀਤਾ ਸੀ ਪਰ ਸੂਬਾ ਸਰਕਾਰ ਨੂੰ ਇਸ ਸਬੰਧ ਵਿੱਚ ਲਏ ਗਏ ਫੈਸਲੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਭੇਜੀ ਗਈ।
ਇਸੇ ਦੌਰਾਨ ਮੁੱਖ ਮੰਤਰੀ ਨੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਵੀ ਇੱਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਦਿੱਲੀ ਤੋਂ ਸੁਲਤਾਨਪੁਰ ਲੋਧੀ (ਜਿਲਾ ਕਪੁਰਥਲਾ) ਤੱਕ ਹਫਤੇ ਵਿੱਚ ਤਿੰਨ ਵਾਰ ਚਲੱਣ ਵਾਲੀ ਰੇਲ ਗੱਡੀ ਪ੍ਰਵਾਨ ਕਰਨ ਲਈ ਆਖਿਆ ਹੈ ਤਾਂ ਜੋ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਢੁਕਵਾਂ ਸੰਪਰਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦਾ ਸੁਲਤਾਨਪੁਰ ਲੋਧੀ ਦਾ ਸਫ਼ਰ ਵੀ ਸੁਖਾਲਾ ਬਣਾਇਆ ਜਾ ਸਕੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚਲੱਣ ਵਾਲੇ ਸਮਾਰੋਹਾਂ ਲਈ ਇਹ ਕੇਂਦਰੀ ਸਥਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮਾਰੋਹਾਂ ਦੌਰਾਨ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਆਮ ਲੋਕਾਂ ਦੇ ਇਥੇ ਆਉਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕੇਂਦਰੀ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦਾ ਪੱਧਰ ਤੁਰੰਤ ਉਚਾ ਚੁਕੱਣ ਦੇ ਮਾਮਲੇ ‘ਤੇ ਵਿਸ਼ੇਸ਼ ਧਿਆਨ ਦੇਣ ਤਾਂ ਜੋ ਇਥੇ ਵੱਡੀ ਗਿਣਤੀ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਵਿਧਾ ਪ੍ਰਦਾਨ ਕਰਵਾਈ ਜਾ ਸਕੇ।

