ਪੰਜਾਬਪਟਿਆਲਾ

ਨਗਰ ਕੌਂਸਲ ਸਨੌਰ ਦੇ ਝਗੜੇ ਮਾਮਲੇ ‘ਚ ਇਨਸਾਫ ਨਾ ਦਿੱਤਾ ਤਾਂ ਸੜਕਾਂ ‘ਤੇ ਨਿੱਤਰਾਂਗੇ : ਵਿਧਾਇਕ ਚੰਦੂਮਾਜਰਾ

ਪਟਿਆਲਾ, 22 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਸਨੌਰ ਵਿਖੇ ਹੋਏ ਝਗੜੇ ਤੋਂ ਬਾਅਦ ਅਕਾਲੀ ਕੌਂਸਲਰਾਂ ‘ਤੇ ਹੋਏ ਕੇਸ ਦਰਜ ‘ਤੇ ਸਖਤੀ ਪ੍ਰਤੀਕਿਰਿਆ ਕਰਦੇ ਹੋਏ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸ਼ਨ ਤੇ ਪੁਲਸ ਨੇ ਸਨੌਰ ਦੇ ਕੌਂਸਲਰਾਂ ਨਾਲ ਇਨਸਾਫ ਨਾ ਕੀਤਾ ਤਾਂ ਉਹ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ। ਉਹ ਅੱਜ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਨੌਰ ਵਿਚ ਲੋਕਤੰਤਰ ਦੇ ਕਤਲ ਦੀਆਂ ਸਮੁੱਚੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਬਹੁਤ ਛੋਟੀ ਰਾਜਨੀਤੀ ਦੇ ਤਹਿਤ ਜਿਥੇ ਆਪਸੀ ਭਾਈਚਾਰੇ ਤੇ ਸਾਂਝੀਵਾਲਤਾ ਦਾ ਬਲੀਦਾਨ ਤੱਕ ਦਿੱਤਾ ਜਾ ਰਿਹਾ ਹੈ, ਉਥੇ ਨਗਰ ਕੌਂਸਲ ਸਨੌਰ ਵਿਚ ਆਪਣਾ ਮੀਤ ਪ੍ਰਧਾਨ ਬਣਾਉਣ ਲਈ ਕੌਂਸਲਰਾਂ ਦੇ ਘਰਾਂ ‘ਤੇ ਪੁਲਸ ਵਲੋਂ ਛਾਪਾਮਾਰੀਆਂ ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਕੌਂਸਲਰ ਅੱਜ ਇੰਝ ਮਹਿਸੂਸ ਕਰ ਰਹੇ ਹਨ ਜਿਵੇਂ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਸਗੋਂ ਕੋਈ ਅਪਰਾਧੀ ਹੋਣ। ਨਗਰ ਕੌਂਸਲ ਸਨੌਰ ਵਿਚ ਜੋ ਹੋਇਆ, ਉਸ ਦੀ ਮੀਡੀਆ ਨੇ ਬੜੇ ਵਧੀਆ ਸ਼ਬਦਾਂ ਵਿਚ ਵਿਆਖਿਆ ਪਹਿਲਾਂ ਹੀ ਕਰ ਚੁੱਕਾ ਹੈ ਪਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ. ਐਸ. ਪੀ. ਮਨਦੀਪ ਸਿੰਘ ਸਿੱਧੂ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੇ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਲੋਕਾਂ ਨੇ ਚੁਣਿਆ ਅਤੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਪਰ ਹੁਣ ਜਿਸ ਤਰ੍ਹਾਂ ਕਾਂਗਰਸ ਓਛੀ ਰਾਜਨੀਤੀ ਦੇ ਤਹਿਤ ਕੌਂਸਲਰਾਂ ‘ਤੇ ਝੂਠੇ ਤੇ ਛੇੜਛਾੜ ਦੇ ਪਰਚੇ ਕਰਵਾ ਰਹੀ ਹੈ, ਉਹ ਨਾ ਕੇਵਲ ਮੰਦਭਾਗਾ ਹੈ ਸਗੋਂ ਨਵੀਆਂ ਪਿਰਤਾਂ ਵੀ ਪਾ ਰਿਹਾ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਭ ਤੋਂ ਨੀਵੇਂ ਪੱਧਰ ਦੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਪੁਲਸ ਵਲੋਂ ਇਹ ਕਹਿ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਪਹਿਲਾਂ ਛੇੜਛਾੜ ਦੇ ਕੇਸ ਦਰਜ ਕੀਤੇ ਹਨ ਜੇਕਰ ਕਾਂਗਰਸ ਅਨੁਸਾਰ ਨਾ ਚੱਲੇ ਤਾਂ ਜਬਰਜਿਨਾਹ ਦੇ ਪਰਚੇ ਤੱਕ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਸਨੌਰ ਦੇ ਵਿਕਾਸ ਦੇ ਮੁਦੱਈ ਹਨ ਪਰ ਕਾਂਗਰਸ ਨੂੰ ਵਿਕਾਸ ਨਾਲ ਕੋਈ ਸਬੰਧ ਨਾ ਹੋਣ ਕਰਕੇ ਉਹ ਸਿਰਫ ਝੂਠੀ ਸ਼ਾਨ ਲਈ ਨਗਰ ਕੌਂਸਲ ਸਨੌਰ ‘ਤੇ ਕਾਬਜ ਹੋਣਾ ਚਾਹੁੰਦੀ ਹੈ ਜਦੋਂ ਕਿ ਉਨ੍ਹਾਂ ਦੇ ਕੋਲ ਸਿਰਫ ਚਾਰ ਕੌਂਸਲਰ ਹਨ ਤੇ 11 ਕੌਂਸਲਰ ਅਕਾਲੀ ਭਾਜਪਾ ਗਠਜੋੜ ਨਾਲ ਹਨ। ਵਿਧਾਇਕ ਚੰਦੂਮਾਜਰਾ ਨੇ ਸਾਫ ਕੀਤਾ ਕਿ ਜੇਕਰ ਜ਼ਿਲਾ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਸਨੌਰ ਨਿਵਾਸੀਆਂ ਨਾਲ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਦੀ ਪੂਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਤੋਂ ਬਾਅਦ ਨਗਰ ਕੌਂਸਲ ਸਨੌਰ ਦਾ ਮੁੱਦਾ ਵਿਧਾਨ ਸਭਾ ਵਿਚ ਵੀ ਗੂੰਜੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼ੇਰ ਸਿੰਘ ਪੰਜੇਟਾ ਚੇਅਰਮੈਨ, ਗੁਰਦੀਪ ਸਿੰਘ ਸ਼ੇਖੂਪੁਰ ਸਾਬਕਾ ਚੇਅਰਮੈਨ, ਸਾਬਕਾ ਕੌਂਸਲਰ ਸੁਖਬੀਰ ਅਬਲੋਵਾਲ, ਈਸ਼ਰ ਸਿੰਘ ਅਬਲੋਵਾਲ, ਮਹਿੰਦਰ ਸਿੰਘ ਪੰਜੇਟਾ, ਦਵਿੰਦਰ ਸਿੰਘ ਭਾਂਖਰ ਸਰਕਲ ਪ੍ਰਧਾਨ, ਗੁਰਜੀਤ ਸਿੰਘ ਉਪਲੀ, ਸਤਪਾਲ ਸਿੰਘ ਮਹਿਮਦਪੁਰ, ਸਤਪਾਲ ਸਿੰਘ ਪੂਨੀਆ ਪੰਜੌਲਾ, ਬਲਵਿੰਦਰ ਸਿੰਘ ਬਿੰਦਰ ਬਹਾਦਰਗੜ੍ਹ, ਕਾਰਜ ਸਿੰਘ ਸਮਸ਼ਪੁਰ, ਭੁਪਿੰਦਰ ਸਿੰਘ ਸੈਫਦੀਪੁਰ ਚੇਅਰਮੈਨ, ਮਨਿੰਦਰ ਸਿੰਘ ਕੌੜਾ, ਜਸਬੀਰ ਸਿੰਘ ਸਨੌਰ, ਨਿਰਮਲ ਸਿੰਘ, ਕੌਂਸਲਰ ਸਨੌਰ ਭਾਰਤ ਗੋਇਲ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਬਿੰਦਰ ਸਿੰਘ, ਜਤਿੰਦਰ ਸਿੰਘ ਮੁਹੱਬਤਪੁਰ, ਜਤਿੰਦਰ ਸਿੰਘ ਪਹਾੜਪੁਰ, ਗਗਨਦੀਪ ਸਿੰਘ ਸ਼ੇਖੂਪੁਰ, ਰਿੱਕੀ ਬਡਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *