ਗੁਰੂ ਸਾਹਿਬ ਨੇ ਸਾਂਝੀਵਾਲਤਾ, ਮਨੁੱਖੀ ਏਕਤਾ, ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ -ਸੁਖਬੀਰ ਸਿੰਘ ਬਾਦਲ
ਸੁਲਤਾਨਪੁਰ ਲੋਧੀ, 23 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਮਨੁੱਖੀ ਜੀਵਨ ਲਈ ਕਲਿਆਣਕਾਰੀ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਸਿਧਾਂਤ ਸਰਬ ਸਾਂਝੀਵਾਲਤਾ, ਮਨੁੱਖੀ ਏਕਤਾ, ਭਾਈਚਾਰਕ ਸਾਂਝ, ਕਿਰਤ ਕਰਨ, ਵੰਡ ਛਕਣ, ਨਾਮ ਜਪਣ ਦਾ ਸੁਨੇਹਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਦੀ ਮਰਯਾਦਾ ਵੀ ਬੰਨ੍ਹੀ, ਜੋ ਸੰਸਾਰ ਦੇ ਧਾਰਮਿਕ ਇਤਿਹਾਸ ਅੰਦਰ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੁੱਚੀ ਮਨੁੱਖਤਾ ਗੁਰੂ ਸਾਹਿਬ ਦੇ ਸਿਧਾਂਤਾਂ, ਉਪਦੇਸ਼ਾਂ ਅਤੇ ਸੰਦੇਸ਼ਾਂ ਨੂੰ ਅਮਲ ਵਿਚ ਲਿਆਵੇ ਤਾਂ ਸੰਸਾਰ ਅੰਦਰ ਸੁੱਖ ਸ਼ਾਂਤੀ, ਆਪਸੀ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਸੁਖਾਵਾਂ ਵਾਤਾਵਰਣ ਪੈਦਾ ਹੋ ਸਕਦਾ ਹੈ। ਸ. ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੀ ਮਾਨਵਤਾ ਨੂੰ ਇਕ ਧਾਗੇ ਵਿਚ ਪਰੋਣ ਲਈ ਵੱਡਾ ਮੌਕਾ ਹੈ, ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣ ਲਈ ਸਮੁੱਚਾ ਸਿੱਖ ਜਗਤ ਉਤਸ਼ਾਹਤ ਹੈ। ਉਨ੍ਹਾਂ ਇਸ ਇਤਿਹਾਸਕ ਮੌਕੇ ‘ਤੇ ਭਾਰਤ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਪ੍ਰਸੰਸ਼ਾ ਕੀਤੀ ਅਤੇ ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਯਤਨਾਂ ਨੂੰ ਵੀ ਵਿਸਥਾਰ ਵਿਚ ਦੱਸਿਆ।
ਸੋਨੇ ਤੇ ਚਾਂਦੀ ਦੇ ਸਿੱਕੇ ਸੰਗਤ ਅਰਪਣ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਕੀਤੇ ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ। ਇਹ ਸਿੱਕੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਾਂਝੇ ਤੌਰ ‘ਤੇ ਜਾਰੀ ਕੀਤੇ ਗਏ। ਜਾਰੀ ਕੀਤੇ ਗਏ ਸੋਨੇ ਦੇ ਸਿੱਕੇ 10 ਗ੍ਰਾਮ ਅਤੇ 5 ਗ੍ਰਾਮ ਵਜ਼ਨ ਦੇ ਬਣਾਏ ਗਏ ਹਨ, ਜਿਸ ਲਈ 24 ਕੈਰੇਟ ਸੋਨ ਵਰਤਿਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੇ ਸਿੱਕਿਆਂ ਦਾ ਵਜ਼ਨ 50 ਗ੍ਰਾਮ ਅਤੇ 25 ਗ੍ਰਾਮ ਹੈ। ਸਿਕਿਆ ਦੇ ਇਕ ਪਾਸੇ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਦੂਸਰੇ ਪਾਸੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਤਸਵੀਰ ਉਕਰੀ ਗਈ ਹੈ। ਸਮਾਗਮ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮੁੱਖ ਧਾਰਮਿਕ, ਰਾਜਨੀਤਕ, ਪੰਥਕ ਤੇ ਸਮਾਜਿਕ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

