ਆਖਿਰ ਸਿੱਧੂ ਨੇ ਫੜ ਹੀ ਲਿਆ ਕਾਂਗਰਸ ਦਾ ਹੱਥ
ਚੰਡੀਗੜ੍ਹ, 15 ਜਨਵਰੀ (ਮਧੂਸਾਰ ਬਿਊਰੋ)
ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਆਖਿਰਕਾਰ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। ਸਿੱਧੂ ਦਿੱਲੀ ਵਿਖੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਗ੍ਰਹਿ ਵਿਖੇ ਕਾਂਗਰਸ ‘ਚ ਸ਼ਾਮਲ ਹੋਏ ਹਨ। ਸਿੱਧੂ ਨੂੰ ਸਟਾਰ ਪ੍ਰਚਾਰਕ ਵਜੋਂ ਕਾਂਗਰਸ ‘ਚ ਸ਼ਾਮਿਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 28 ਨਵੰਬਰ ਨੂੰ ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ ਪਹਿਲਾਂ ਹੀ ਕਾਂਗਰਸ ‘ਚ ਸ਼ਾਮਿਲ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਜੁਲਾਈ 2016 ਵਿਚ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ‘ਚੋਂ ਅਸਤੀਫਾ ਦੇ ਕੇ ਭਾਜਪਾ ਤੋਂ ਕਿਨਾਰਾ ਕਰ ਲਿਆ ਸੀ। ਇਸ ਤੋਂ ਬਾਅਦ ਸਿੱਧੂ ਵਲੋਂ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਅਤੇ ਜਲੰਧਰ ਕੈਂਟ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਨਾਂ ਦਾ ਫਰੰਟ ਬਣਾਇਆ ਸੀ ਪਰ ਬੈਂਸ ਭਰਾਵਾਂ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਬਾਅਦ ਇਹ ਫਰੰਟ ਖਿੰਡਰ ਗਿਆ।
ਦੱਸਣਯੋਗ ਹੈ ਕਿ ਬੈਂਸ ਭਰਾਵਾਂ ਵਲੋਂ ਲਗਾਤਾਰ ਸਿੱਧੂ ਦੇ ਕਾਂਗਰਸ ਵਿਚ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ, ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਤਾਂ ਇਸ ‘ਤੇ ਸਾਰੀਆਂ ਸਿਆਸੀ ਅਟਕਲਾਂ ‘ਤੇ ਵਿਰਾਮ ਲਗ ਗਿਆ ਹੈ।
ਸਾਬਕਾ ਕ੍ਰਿਕੇਟਰ ਨੂੰ ਰਸਮੀ ਤੌਰ ‘ਤੇ ਨਵੀਂ ਦਿੱਲੀ ਵਿਖੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ‘ਚ ਸ਼ਾਮਿਲ ਕੀਤਾ। ਕੈਪਟਨ ਅਮਰਿੰਦਰ ਨੇ ਸਿੱਧੂ ਨਾਲ ਫੋਨ ‘ਤੇ ਗੱਲ ਕੀਤੀ ਤੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਧੀਆ ਖਬਰ ਹੈ ਅਤੇ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਵਿਧਾਨ ਸਭਾ ਚੋਣਾਂ ਦੇ ਦੌਰ ‘ਚ ਚੱਲ ਰਹੇ ਪੰਜਾਬ ਅੰਦਰ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਲਈ ਪਾਰਟੀ ਦੀ ਪਸੰਦ ਹੋਣ ਤੋਂ ਇਲਾਵਾ, ਸਿੱਧੂ ਨੂੰ ਇਕ ਮਜ਼ਬੂਤ ਰਾਸ਼ਟਰਵਾਦੀ ਸਮੇਤ ਉਨ੍ਹਾਂ ਦੀ ਸੋਚ ਤੇ ਸਮਝ ਲਈ ਵੀ ਜਾਣਿਆ ਜਾਂਦਾ ਹੈ ਅਤੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ।
ਨਵੀਂ ਦਿੱਲੀ ਵਿਖੇ ਜ਼ਾਰੀ ਹੋਏ ਬਿਆਨ ‘ਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਹਮਖਿਆਲੀ ਲੋਕਾਂ ਨੂੰ ਕਾਂਗਰਸ ਦੀ ਛੱਤ ਹੇਠਾਂ ਲਿਆਉਣ ਨੂੰ ਲੈ ਕੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ।
ਪਟਿਆਲਾ ਨਾਲ ਸਬੰਧਤ ਸਿੱਧੂ ਪਹਿਲੀ ਵਾਰ 2004 ਵਿਚ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਸਾਂਸਦ ਬਣੇ ਸਨ। ਬਾਅਦ ‘ਚ ਉਨ੍ਹਾਂ ਨੇ ਸਫਲਤਾਪੂਰਵਕ ਜ਼ਿਮਨੀ ਚੋਣਾਂ ਵੀ ਲੜੀਆਂ ਸਨ। ਉਨ੍ਹਾਂ ਨੇ 2009 ਆਮ ਚੋਣਾਂ ਦੌਰਾਨ ਵੀ ਇਹ ਸੀਟ ਬਣਾਏ ਰੱਖੀ ਸੀ। ਅਪ੍ਰੈਲ 2016 ‘ਚ ਉਨ੍ਹਾਂ ਨੇ ਰਾਜ ਸਭਾ ਦੀ ਸਹੁੰ ਚੁੱਕੀ ਸੀ, ਲੇਕਿਨ ਜੁਲਾਈ 2016 ‘ਚ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਜ਼ਲਦੀ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਿੱਤਾ ਸੀ ਅਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨਾਲ ਅਵਾਜ਼-ਏ-ਪੰਜਾਬ ਵਜੋਂ ਇਕ ਨਵਾਂ ਸਿਆਸੀ ਫਰੰਟ ਬਣਾਇਆ ਸੀ।
ਪਰਗਟ ਤੇ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ 28 ਨਵੰਬਰ, 2016 ਨੂੰ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ, ਪਰ ਸਾਬਕਾ ਕ੍ਰਿਕੇਟਰ ਆਪਣੀ ਕੁਝ ਪ੍ਰੋਫੈਸ਼ਨਲ ਵਚਨਬੱਧਤਾਵਾਂ ਕਾਰਨ ਤੁਰੰਤ ਇਸ ‘ਤੇ ਅਮਲ ਨਹੀਂ ਕਰ ਪਾਏ ਸਨ।

