ਹਲਕਾ ਸਨੌਰ ‘ਚ ਕੋਰਮ ਪੂਰਾ ਨਾ ਹੋਣ ਕਾਰਨ ਕਾਂਗਰਸ ਨੂੰ ਲੱਗਾ ਵੱਡਾ ਝਟਕਾ
ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ਨੇ ਚੋਣ ਦਾ ਕੀਤਾ ਬਾਈਕਾਟ
ਵਿਧਾਇਕ ਚੰਦੂਮਾਜਰਾ ਨੇ ਆਪਣੀ ਸ਼ਕਤੀ ਦਾ ਹਲਕੇ ‘ਚ ਮਨਵਾਇਆ ਲੋਹਾ
ਕੋਰਮ ਪੂਰਾ ਨਾ ਹੋਣ ਕਾਰਨ ਕਾਂਗਰਸ ਦੀ ਹੋਈ ਵੱਡੀ ਹਾਰ : ਵਿਧਾਇਕ ਚੰਦੂਮਾਜਰਾ
ਪਟਿਆਲਾ 26 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੌਰ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਨੇਪਰੇ ਨਾ ਚੜਨ ਕਾਰਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਾਕਮ ਧਿਰ ਵੱਲੋਂ ਚੋਣ ਨੂੰ ਸਿਰੇ ਚਾੜਨ ਲਈ ਹਰ ਹਰਬਾ ਵਰਤਿਆ ਗਿਆ, ਪਰ ਕਾਂਗਰਸ ਚੋਣ ਕਰਵਾਉਣ ਲਈ ਕੌਂਸਲਰਾਂ ਦਾ ਕੋਰਮ ਤੱਕ ਪੂਰਾ ਨਹੀਂ ਕਰ ਸਕੀ। ਕਾਂਗਰਸ ਤੇ ਸਰਕਾਰ ਦੇ ਇਸ਼ਾਰੇ ‘ਤੇ ਹਲਕਾ ਸਨੌਰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ, ਪਰ ਹਾਕਮ ਧਿਰ ਦੀਆਂ ਸਾਰੀਆਂ ਚਾਲਾਂ ਉਸ ਸਮੇਂ ਧਰੀਆਂ ਰਹਿ ਗਈਆਂ, ਜਦ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਹਾਕਮ ਧਿਰ ਕੋਰਮ ਪੂਰਾ ਕਰਨ ਤੋਂ ਵਾਂਝੀ ਵਿਖਾਈ ਦਿੱਤੀ।
ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਅੱਧੀ ਦਰਜਨ ਤੋਂ ਵੱਧ ਕੋਂਸਲਰਾਂ ਵੱਲੋਂ ਬਾਈਕਾਟ ਕੀਤੇ ਜਾਣ ਨਾਲ ਇਕ ਵਾਰ ਫਿਰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੀ ਸ਼ਕਤੀ ਦਾ ਲੋਹਾ ਮਨਵਾਉਣ ‘ਚ ਸਫਲ ਨਜ਼ਰ ਆਏ। ਕੌਂਸਲਰਾਂ ਨੇ ਵਿਧਾਇਕ ਦੇ ਹੱਕ ‘ਚ ਖੜਕੇ ਸਪੱਸ਼ਟ ਕਰ ਦਿੱਤਾ ਕਿ ਉਹ ਹਾਕਮ ਧਿਰ ਦੀ ਧੱਕੇਸ਼ਾਹੀ ਨੂੰ ਬਰਦਾਸਤ ਨਹੀਂ ਕਰਨਗੇ। ਕੌਂਸਲਰਾਂ ਨੇ ਵਿਧਾਇਕ ਚੰਦੂਮਾਜਰਾ ਦੇ ਹੱਕ ‘ਚ ਖੜ੍ਹਦਿਆਂ ਸਪੱਸ਼ਟ ਕੀਤਾ ਕਿ ਉਹ ਸਹਿਮਤੀ ਨਾਲ ਚੋਣ ਨੇਪਰੇ ਚੜਾਉਣ ਦੇ ਸਮਰੱਥ ਹਨ, ਜਦਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਹਲਕਾ ਸਨੌਰ ‘ਚ ਨਹੀਂ ਚੱਲਣ ਦੇਣਗੇ।
ਕੋਰਮ ਪੂਰਾ ਨਾ ਹੋਣ ਦੇ ਸਬੰਧ ‘ਚ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਗੱਲਬਾਤ ਕਰਦਿਆਂ ਹਾਕਮ ਧਿਰ ਦੇ ਬਾਹਰੀ ਲੋਕਾਂ ਵੱਲੋਂ ਹਲਕੇ ‘ਚ ਡਰ ਤੇ ਭੈਅ ਦਾ ਮਾਹੌਲ ਬਣਾਕੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਹਲਕਾ ਸਨੌਰ ਦੇ ਲੋਕ ਅਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਾਂਗਰਸ ਨੇ ਹਲਕਾ ਸਨੌਰ ‘ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਅਤੇ ਇਕ ਵਾਰ ਹਾਕਮ ਧਿਰ ਦੇ ਬਾਹਰੀ ਆਗੂਆਂ ਵੱਲੋਂ ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ ‘ਤੇ ਕਾਬਜ਼ ਹੋਣ ਲਈ ਝੂਠੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਅਕਾਲੀ ਸਮਰਥਕਾਂ ‘ਤੇ ਪਰਚੇ ਦਰਜ ਕਰਵਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕੋਰਮ ਪੂਰਾ ਨਾ ਹੋਣ ਕਾਰਨ ਅੱਜ ਕਾਂਗਰਸ ਦੀ ਵੱਡੀ ਹਾਰ ਹੋਈ ਹੈ। ਵਿਧਾਇਕ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬਾਹਰੀ ਆਗੂਆਂ ਨੂੰ ਖ਼ੁਦ ਹੀ ਬਾਹਰ ਹੋ ਜਾਣਾ ਚਾਹੀਦਾ ਅਸੀਂ ਖੁਦ ਹੀ ਸਹਿਮਤੀ ਨਾਲ ਚੋਣ ਨੂੰ ਨੇਪਰੇ ਚਾੜ ਲਵਾਂਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ‘ਚ ਬਾਹਰੀ ਲੋਕਾਂ ਦੀ ਵੱਧ ਰਹੀ ਦਖਲਅੰਦਾਜ਼ੀ ਨੂੰ ਰੋਕਣ ਅਤੇ ਆਪਸੀ ਲੜਾਈ ਝਗੜੇ ਵਾਲੀ ਸਿਆਸਤ ਤੋਂ ਗੁਰੇਜ਼ ਕਰਨ ਦਾ ਪਾਠ ਵੀ ਪੜ੍ਹਾਉਣ। ਇਕ ਸਵਾਲ ਦੇ ਜਵਾਬ ‘ਚ ਵਿਧਾਇਕ ਨੇ ਕਿਹਾ ਹਲਕਾ ਸਨੌਰ ਦੇ ਵਿਕਾਸ ਕੰਮਾਂ ‘ਚ ਅੜਿੱਕੇ ਪਾਏ ਜਾ ਰਹ ਹਨ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ‘ਚ ਕਰਵਾਏ ਜਾ ਰਿਹਾ ਵਿਕਾਸ ਹਲਕੇ ‘ਚ ਰੁਕਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ‘ਚ ਕੀਤੇ ਜਾਣ ਵਾਲੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਬਹਾਲ ਕਰਨ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰੇਗਾ।
ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਕੌਂਸਲਰ ਚਰਨਜੀਤ ਸਿੰਘ, ਕੌਂਸਲਰ ਭਰਤ ਗੋਇਲ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਗੁਰਦੇਵ ਕੌਰ ਪਵਾਰ, ਕੌਂਸਲਰ ਦਲਵਿੰਦਰ ਸਿੰਘ ਤੋਂ ਇਲਾਵਾ ਮਹਿੰਦਰ ਸਿੰਘ ਪੰਜੇਟਾ, ਸ਼ੇਰ ਸਿੰਘ ਪੰਜੇਟਾ, ਜਸਪਾਲ ਸਿੰਘ ਸੰਧਾਰਸੀ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਰਵਿੰਦਰ ਸਿੰਘ ਰਵੀ, ਤੇਜਾ ਸਿੰਘ ਕਾਹਨਹੇੜੀ, ਅਵਤਾਰ ਸਿੰਘ ਪੱਪੀ ਆਦਿ ਹਾਜ਼ਰ ਸਨ।

